ਕੇਜਰੀਵਾਲ ਨੇ ਦਲਿਤ ਲੜਕੀ ਨਾਲ ਹੋਏ ਬਲਾਤਕਾਰ ਤੇ ਕਤਲ ਦੀ ਮੈਜਿਸਟ੍ਰੇਟ ਜਾਂਚ ਦੇ ਦਿੱਤੇ ਆਦੇਸ਼
ਮੁੱਖ ਮੰਤਰੀ ਨੇ ਲੜਕੀ ਦੇ ਪਰਿਵਾਰ ਲਈ 10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਵੀ ਕੀਤਾ।
ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਨੌਂ ਸਾਲਾ ਦਲਿਤ ਲੜਕੀ ਨਾਲ ਹੋਏ ਕਥਿਤ ਬਲਾਤਕਾਰ ਅਤੇ ਕਤਲ ਦੀ ਮੈਜਿਸਟ੍ਰੇਟ ਜਾਂਚ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਲੜਕੀ ਦੇ ਪਰਿਵਾਰ ਲਈ 10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਵੀ ਕੀਤਾ। ਪੀੜਤ ਪਰਿਵਾਰ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ, “ਸਾਡੀ ਬੱਚੀ ਵਾਪਸ ਨਹੀਂ ਆ ਸਕਦੀ।
ਪਰਿਵਾਰ ਨਾਲ ਹੋਈ ਬੇਇਨਸਾਫੀ ਮੰਦਭਾਗੀ ਹੈ ਅਤੇ ਇਸ ਦੀ ਭਰਪਾਈ ਨਹੀਂ ਹੋ ਸਕਦੀ ਪਰ ਸਰਕਾਰ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ ਅਤੇ ਮੈਜਿਸਟਰੇਟ ਜਾਂਚ ਦੇ ਹੁਕਮ ਦੇਵੇਗੀ। ਉਹਨਾਂ ਕਿਹਾ ਕਿ ਦਿੱਲੀ ਵਿਚ ਕਾਨੂੰਨ ਨੂੰ ਸਖ਼ਤ ਕਰਨ ਦੀ ਲੋੜ ਹੈ। ਮੈਂ ਕੇਂਦਰ ਸਰਕਾਰ ਨੂੰ ਇਸ ਦਿਸ਼ਾ ਵਿਚ ਸਖ਼ਤ ਕਦਮ ਚੁੱਕਣ ਦੀ ਅਪੀਲ ਕਰਦਾ ਹਾਂ।
ਇੱਕ ਟਵੀਟ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੋਸ਼ੀਆਂ ਨੂੰ ਸਜ਼ਾ ਯਕੀਨੀ ਬਣਾਉਣ ਲਈ ਚੋਟੀ ਦੇ ਵਕੀਲਾਂ ਦੀ ਨਿਯੁਕਤੀ ਕਰੇਗੀ। ਲੜਕੀ ਦੇ ਮਾਪਿਆਂ ਨੇ ਵੱਡੀ ਗਿਣਤੀ ਵਿਚ ਲੋਕਾਂ ਦੇ ਨਾਲ ਦੱਖਣ-ਪੱਛਮੀ ਦਿੱਲੀ ਦੇ ਪੁਰਾਣਾ ਨੰਗਲ ਖੇਤਰ ਵਿਚ ਘਟਨਾ ਵਾਲੀ ਥਾਂ 'ਤੇ ਧਰਨਾ ਦਿੱਤਾ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ।
ਪੁਲਿਸ ਨੇ ਸੋਮਵਾਰ ਨੂੰ ਕਿਹਾ ਸੀ ਕਿ ਲੜਕੀ ਆਪਣੇ ਮਾਪਿਆਂ ਨਾਲ ਪਿੰਡ ਵਿਚ ਸ਼ਮਸ਼ਾਨ ਘਾਟ ਦੇ ਸਾਹਮਣੇ ਇੱਕ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ। ਐਤਵਾਰ ਸ਼ਾਮ 5.30 ਵਜੇ ਉਹ ਆਪਣੀ ਮਾਂ ਨੂੰ ਦੱਸਣ ਤੋਂ ਬਾਅਦ ਸ਼ਮਸ਼ਾਨਘਾਟ ਵਿੱਚ ਲਗਾਏ ਗਏ ਵਾਟਰ ਕੂਲਰ ਤੋਂ ਠੰਡਾ ਪਾਣੀ ਲੈਣ ਗਈ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਾਮ 6 ਵਜੇ, ਸ਼ਮਸ਼ਾਨਘਾਟ ਦੇ ਪੁਜਾਰੀ ਰਾਧੇਸ਼ਿਆਮ ਅਤੇ ਦੋ-ਤਿੰਨ ਹੋਰ ਲੋਕਾਂ ਨੇ ਜੋ ਲੜਕੀ ਦੀ ਮਾਂ ਨੂੰ ਜਾਣਦੇ ਸਨ
ਉਸ ਨੂੰ ਉੱਥੇ ਬੁਲਾਇਆ ਅਤੇ ਧੀ ਦੀ ਲਾਸ਼ ਦਿਖਾਈ ਅਤੇ ਦਾਅਵਾ ਕੀਤਾ ਕਿ ਕੂਲਰ ਤੋਂ ਪਾਣੀ ਲੈਂਦੇ ਸਮੇਂ ਉਸ ਦੀ ਬਿਜਲੀ ਨਾਲ ਕਰੰਟ ਲੱਗਣ ਨਾਲ ਮੌਤ ਹੋ ਗਈ। ਉਸ ਦੇ ਖੱਬੇ ਗੁੱਟ ਅਤੇ ਕੂਹਣੀ ਦੇ ਵਿਚਕਾਰ ਜਲਣ ਦੇ ਨਿਸ਼ਾਨ ਸਨ ਅਤੇ ਉਸ ਦੇ ਬੁੱਲ੍ਹ ਵੀ ਨੀਲੇ ਹੋ ਗਏ ਸਨ। ਅਧਿਕਾਰੀ ਨੇ ਕਿਹਾ ਕਿ ਪੁਜਾਰੀ ਅਤੇ ਹੋਰਨਾਂ ਨੇ ਉਸ ਦੀ ਮਾਂ ਨੂੰ ਪੁਲਿਸ ਨੂੰ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਪੁਲਿਸ ਕੇਸ ਬਣਾ ਦੇਵੇਗੀ ਅਤੇ ਪੋਸਟਮਾਰਟਮ ਦੌਰਾਨ ਡਾਕਟਰ ਬੱਚੇ ਦੇ ਅੰਗ ਚੋਰੀ ਕਰ ਲੈਣਗੇ, ਇਸ ਲਈ ਉਸ ਦਾ ਅੰਤਿਮ ਸੰਸਕਾਰ ਕਰਨਾ ਵਧੀਆ ਰਹੇਗਾ।
ਇਸ ਤੋਂ ਬਾਅਦ ਪੁਜਾਰੀ ਅਤੇ ਹੋਰ ਲੋਕਾਂ ਨੇ ਲੜਕੀ ਦਾ ਧੱਕੇ ਨਾਲ ਸਸਕਾਰ ਕਰ ਦਿੱਤਾ ਅਤੇ ਲੜਕੀ ਦੇ ਮਾਂ-ਬਾਪ ਨੇ ਰੌਲਾ ਪਾਇਆ ਕਿ ਸਸਕਾਰ ਉਹਨਾਂ ਦੀ ਮਰਜੀ ਤੋਂ ਬਗੈਰ ਕੀਤਾ ਗਿਆ ਹੈ। ਇਸ ਤੋਂ ਬਾਅਦ ਉੱਥੇ ਭੀੜ ਜਮ੍ਹਾ ਹੋ ਗਈ ਅਤੇ ਹੰਗਾਮਾ ਹੋ ਗਿਆ। ਇਸ ਤੋਂ ਬਾਅਦ ਪੀਸੀਆਰ ਕਾਲ ਕੀਤੀ ਗਈ। ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਭੀੜ ਨੂੰ ਉੱਤੇ ਹਟਾਇਆ।
ਉਸੇ ਦਿਨ ਹੀ ਲੜਕੀ ਦੀ ਮਾਂ ਨੇ ਪੁਲਿਸ ਨੂੰ ਅਪਣਾ ਬਿਆਨ ਦਿੱਤਾ ਪਰ ਉਹਨਾਂ ਨੇ ਉਸ ਸਮੇਂ ਬਲਾਤਕਾਰ ਦੇ ਸ਼ੱਕ ਬਾਰੇ ਕੁੱਝ ਨਹੀਂ ਕਿਹਾ। ਜਿਸ ਵਿਅਕਤੀ ਨੇ ਪੀਸੀਆਰ ਕਾਲ ਕੀਤੀ ਸੀਉਸ ਨੇ ਦੱਸਿਆ ਸੀ ਕਿ ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ਵਿਚ ਬਲਾਤਕਾਰ, ਛੇੜਛਾੜ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਪੁਜਾਰੀ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ।