ਨੂਹ ਹਿੰਸਾ 'ਚ ਕਿਸੇ ਮੁੱਖ ਸਾਜ਼ਸ਼ਕਰਤਾ ਦੀ ਸ਼ਮੂਲੀਅਤ ਦਾ ਅਜੇ ਤੱਕ ਪਤਾ ਨਹੀਂ ਲੱਗਾ: ਨੂਹ ਐਸ.ਪੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਸੂਪਰਡੈਂਟ ਵਰੁਣ ਸਿੰਗਲਾ ਦਾ ਤਬਾਦਲਾ, ਨਰਿੰਦਰ ਬਿਜਾਰਨੀਆ ਨੂੰ ਨੂਹ ਐਸ.ਪੀ. ਨਿਯੁਕਤ ਕੀਤਾ ਗਿਆ

SP Narendra Singh Bijarnia

ਗੁਰੂਗ੍ਰਾਮ: ਹਰਿਆਣਾ ਦੇ ਨੂਹ ਜ਼ਿਲ੍ਹੇ ’ਚ ਹਾਲ ਹੀ ’ਚ ਹੋਈ ਫਿਰਕੂ ਹਿੰਸਾ ਦੀ ਜਾਂਚ ’ਚ ਅਜੇ ਤਕ ਇਸ ਘਟਨਾ ਪਿੱਛੇ ਕੋਈ ਮੁੱਖ ਸਾਜ਼ਸ਼ਕਰਤਾ ਨਹੀਂ ਮਿਲਿਆ ਹੈ ਅਤੇ ਇਹ ਕਈ ਵੱਖ-ਵੱਖ ਸਮੂਹਾਂ ਦਾ ਕੰਮ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀ ਦੀ ਟਿਪਣੀ, ਅਸਲ ਵਿਚ, ਸੂਬੇ ਦੇ ਗ੍ਰਹਿ ਮੰਤਰੀ ਦੇ ਉਸ ਅੰਦਾਜ਼ੇ ਤੋਂ ਉਲਟ ਹੈ ਕਿ ਹਿੰਸਾ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿਤਾ ਗਿਆ ਸੀ ਇਸ ਦੇ ਪਿੱਛੇ ਕੋਈ ਸਾਜ਼ਸ਼ਕਰਤਾ ਸੀ। 

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਨੂਹ ਤੋਂ ਹਿੰਸਾ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਮੰਗਲਵਾਰ ਨੂੰ ਕਿਹਾ ਸੀ, ‘‘ਕਿਸੇ ਨੇ ਇਸ ਦੀ ਸਾਜ਼ਸ਼ ਰਚੀ ਹੈ, ਪਰ ਮੈਂ ਕਿਸੇ ਸਿੱਟੇ ’ਤੇ ਨਹੀਂ ਪਹੁੰਚਣਾ ਚਾਹੁੰਦਾ। ਅਸੀਂ ਇਸ ਦੀ ਜਾਂਚ ਕਰਾਂਗੇ ਅਤੇ ਹਰ ਜ਼ਿੰਮੇਵਾਰ ਨੂੰ ਨਿਆਂ ਦੇ ਘੇਰੇ ’ਚ ਲਿਆਂਦਾ ਜਾਵੇਗਾ।’’
ਨੂਹ ਦੇ ਪੁਲਿਸ ਸੁਪਰਡੈਂਟ ਨਰਿੰਦਰ ਸਿੰਘ ਬਿਜਾਰਨੀਆ ਨੇ ਸ਼ੁਕਰਵਾਰ ਨੂੰ ਕਿਹਾ ਕਿ ਪੁਲਿਸ ਪਹਿਲਾਂ ਹੀ ਹਿੰਸਾ ’ਚ ਸ਼ਾਮਲ ਲੋਕਾਂ ਦੀ ਪਛਾਣ ਕਰ ਰਹੀ ਹੈ ਅਤੇ ਗ੍ਰਿਫਤਾਰ ਕਰ ਰਹੀ ਹੈ।

ਪੁਲਿਸ ਸੁਪਰਡੈਂਟ ਨੂਹ ਸਥਿਤ ਕੈਂਪ ਦਫ਼ਤਰ (ਡਿਪਟੀ ਕਮਿਸ਼ਨਰ ਦੀ ਰਿਹਾਇਸ਼) ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਜਿਸ ਵਿਚ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪੰਵਾਰ ਵੀ ਮੌਜੂਦ ਸਨ।
ਬਿਜਾਰਨੀਆ ਨੇ ਕਿਹਾ, ‘‘ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਜਿਨ੍ਹਾਂ ਇਮਾਰਤਾਂ ਤੋਂ ਪਥਰਾਅ ਕੀਤਾ ਗਿਆ ਸੀ, ਉਨ੍ਹਾਂ ਦੇ ਕਬਜ਼ੇ ਸਬੰਧੀ ਰੀਪੋਰਟਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵਿਰੁਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।’’

ਉਨ੍ਹਾਂ ਦਸਿਆ ਕਿ ਸੋਮਵਾਰ ਦੀ ਹਿੰਸਾ ਦੇ ਸਬੰਧ ’ਚ ‘ਗੋਰਕਸ਼ ਬਜਰੰਗ ਫੋਰਸ’ ਦੇ ਪ੍ਰਧਾਨ ਬਿੱਟੂ ਬਜਰੰਗੀ (45) ਵਿਰੁਧ ਫਰੀਦਾਬਾਦ ’ਚ ਮਾਮਲਾ ਦਰਜ ਕੀਤਾ ਗਿਆ ਹੈ। ਬਜਰੰਗੀ ਉਰਫ ਰਾਜਕੁਮਾਰ ਗਾਜ਼ੀਪੁਰ ਅਤੇ ਡਬੂਆ ਮੰਡੀ, ਫਰੀਦਾਬਾਦ ’ਚ ਫੱਲ ਅਤੇ ਸਬਜ਼ੀਆਂ ਦਾ ਵਪਾਰੀ ਹੈ।

ਸੂਤਰਾਂ ਮੁਤਾਬਕ ਬਜਰੰਗ ਦਲ ਦਾ ਮੈਂਬਰ ਬਜਰੰਗੀ ਪਿਛਲੇ ਤਿੰਨ ਸਾਲਾਂ ਤੋਂ ਅਪਣਾ ਗਊ ਰਖਿਆ ਗਰੁਪ ਚਲਾ ਰਿਹਾ ਹੈ। ਪਿਛਲੇ ਇਕ ਮਹੀਨੇ ’ਚ ਹੀ ਉਸ ਵਿਰੁਧ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਤਿੰਨ ਕੇਸ ਦਰਜ ਕੀਤੇ ਗਏ ਹਨ।
ਨੂਹ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪੰਵਾਰ ਨੇ ਕਿਹਾ ਕਿ ਜ਼ਿਲ੍ਹੇ ’ਚ ਆਮ ਜਨਜੀਵਨ ਪਟੜੀ ’ਤੇ ਪਰਤ ਰਿਹਾ ਹੈ। ਉਨ੍ਹਾਂ ਦਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਨੂਹ ਜ਼ਿਲ੍ਹੇ ’ਚ ਕਿਤੇ ਵੀ ਹਿੰਸਾ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ।

ਪੰਵਾਰ ਨੇ ਕਿਹਾ, ‘‘ਖੇਤਰ ’ਚ ਸ਼ਾਂਤੀ ਬਹਾਲ ਕਰਨ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ, ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਦੀਆਂ ਸ਼ਾਂਤੀ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ ਹਨ। ਕਮੇਟੀ ਦੇ ਮੈਂਬਰਾਂ ਨੇ ਪੂਰਾ ਭਰੋਸਾ ਦਿਵਾਇਆ ਹੈ ਕਿ ਉਹ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦਾ ਤਣਾਅ ਪੈਦਾ ਨਹੀਂ ਹੋਣ ਦੇਣਗੇ।’’
ਪੰਵਾਰ ਨੇ ਕਿਹਾ, ‘‘ਕਿਉਂਕਿ ਸਥਿਤੀ ਹੁਣ ਆਮ ਹੋ ਰਹੀ ਹੈ, ਇਸ ਲਈ ਇੰਟਰਨੈਟ ਸੇਵਾਵਾਂ ਨੂੰ ਬਹਾਲ ਕਰਨ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਖੁਫੀਆ ਰੀਪੋਰਟ ਦੇ ਆਧਾਰ ’ਤੇ ਜਲਦੀ ਹੀ ਸਕਾਰਾਤਮਕ ਫੈਸਲਾ ਲਿਆ ਜਾਵੇਗਾ।’’

ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਦੋ ਦਿਨਾਂ ਤਕ ਚੱਲੀ ਹਿੰਸਾ ਦੌਰਾਨ ਲੁੱਟ-ਖੋਹ ਅਤੇ ਅੱਗਜ਼ਨੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਮੁਆਵਜ਼ਾ ਪੋਰਟਲ ਸ਼ੁਰੂ ਕੀਤਾ ਹੈ। ਪੁਲਿਸ ਸੁਪਰਡੈਂਟ ਨੇ ਦਸਿਆ ਕਿ ਹੁਣ ਤਕ 55 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 141 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਨੂਹ ਜ਼ਿਲ੍ਹੇ ਦੇ ਐਸ.ਪੀ. ਵਰੁਣ ਸਿੰਗਲਾ ਦਾ ਤਬਾਦਲਾ ਕਰ ਦਿਤਾ ਗਿਆ। ਜ਼ਿਲ੍ਹੇ ਵਿਚ ਹੋਈ ਫਿਰਕੂ ਹਿੰਸਾ ਦੌਰਾਨ ਉਹ ਛੁੱਟੀ ’ਤੇ ਸਨ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਿੰਗਲਾ ਨੂੰ ਭਿਵਾਨੀ ਦਾ ਐੱਸ.ਪੀ. ਨਿਯੁਕਤ ਕੀਤਾ ਗਿਆ ਹੈ। ਵਧੀਕ ਮੁੱਖ ਸਕੱਤਰ (ਗ੍ਰਹਿ) ਟੀ.ਵੀ.ਐਸ.ਐਸ. ਪ੍ਰਸਾਦ ਵਲੋਂ 3 ਅਗੱਸਤ ਨੂੰ ਜਾਰੀ ਕੀਤੇ ਇਕ ਸਰਕਾਰੀ ਹੁਕਮ ਅਨੁਸਾਰ, ਸਿੰਗਲਾ ਦੀ ਗੈਰ-ਮੌਜੂਦਗੀ ਵਿਚ ਵਾਧੂ ਚਾਰਜ ਸੰਭਾਲ ਰਹੇ ਨਰਿੰਦਰ ਬਿਜਾਰਨੀਆ ਨੂੰ ਨੂਹ ਐਸ.ਪੀ. ਨਿਯੁਕਤ ਕੀਤਾ ਗਿਆ ਹੈ।