Karnataka: ਧਰਮਾਸਥਲਾ ’ਚ ਮਿਲੇ ਮਨੁੱਖੀ ਪਿੰਜਰ ਦੇ ਅਵਸ਼ੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

1995 ਤੋਂ 2014 ਦਰਮਿਆਨ ਸੈਂਕੜੇ ਕਥਿਤ ਗੈਰ-ਕਾਨੂੰਨੀ ਦਫਨਾਉਣ ਦੇ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ.

Karnataka: Human skeletal remains found in Dharmasthala

ਧਰਮਸਥਾਨ (ਕਰਨਾਟਕ)  :  ਧਰਮਾਸਥਲਾ ’ਚ ਕਥਿਤ ਸਮੂਹਿਕ ਦਫ਼ਨਾਉਣ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਸੋਮਵਾਰ ਨੂੰ ਅਣਪਛਾਤੇ ਸ਼ਿਕਾਇਤਕਰਤਾ ਵਲੋਂ ਪਛਾਣੀ ਗਈ ਨਵੀਂ ਜਗ੍ਹਾ ਤੋਂ ਕਈ ਹੱਡੀਆਂ ਬਰਾਮਦ ਕੀਤੀਆਂ ਹਨ।

ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਪ੍ਰਣਬ ਮੋਹੰਤੀ ਦੀ ਨਿਗਰਾਨੀ ਹੇਠ ਐਸ.ਆਈ.ਟੀ.  ਨੇ ਨਿਰਧਾਰਤ 11ਵੀਂ ਥਾਂ ਉਤੇ  ਲਾਸ਼ਾਂ ਨੂੰ ਬਾਹਰ ਕੱਢਣ ਦਾ ਕੰਮ ਰੋਕ ਕੇ ਅਤੇ ਬੰਗਲੇਗੁਡੇ ਨਾਮਕ ਸਥਾਨ ਉਤੇ  ਪਹਿਲਾਂ ਤੋਂ ਜਾਂਚ ਨਾ ਕੀਤੀ ਗਈ ਜਗ੍ਹਾ ਉਤੇ ਮੁੜ  ਕਾਰਵਾਈ ਸ਼ੁਰੂ ਕਰ ਦਿਤੀ।

ਪੁਲਿਸ ਦੇ ਸੂਤਰਾਂ ਨੇ ਦਸਿਆ  ਕਿ ਲਗਭਗ 100 ਫੁੱਟ ਉੱਚੇ ਇਲਾਕੇ ’ਚ ਸਥਿਤ ਨਵੀਂ ਜਗ੍ਹਾ ਉਤੇ ਖੋਪੜੀ ਅਤੇ ਹੋਰ ਮਨੁੱਖੀ ਹੱਡੀਆਂ ਸਮੇਤ ਕਈ ਹੱਡੀਆਂ ਦੇ ਟੁਕੜੇ ਮਿਲੇ ਹਨ।

ਸੂਤਰਾਂ ਮੁਤਾਬਕ 1995 ਤੋਂ 2014 ਦਰਮਿਆਨ ਸੈਂਕੜੇ ਕਥਿਤ ਗੈਰ-ਕਾਨੂੰਨੀ ਦਫਨਾਉਣ ਦੇ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ.  ਨੇ ਪਹਿਲਾਂ ਹੀ ਇਸ ਮਿਆਦ ਲਈ ਗੈਰਕੁਦਰਤੀ ਮੌਤ ਰੀਪੋਰਟ  (ਯੂ.ਡੀ.ਆਰ.) ਰੀਕਾਰਡ  ਇਕੱਠੇ ਕੀਤੇ ਹਨ। ਬੈਲਥਨਗੜ੍ਹੀ ਪੁਲਿਸ ਦੇ ਪੁਰਾਲੇਖ ਵਿਚੋਂ ਪੁਰਾਣੇ ਰੀਕਾਰਡਾਂ ਨਾਲ ਛੇੜਛਾੜ ਜਾਂ ਗਾਇਬ ਹੋਣ ਦੇ ਬਾਵਜੂਦ, ਐਸ.ਆਈ.ਟੀ.  ਦੇ ਗਠਨ ਤੋਂ ਤੁਰਤ  ਬਾਅਦ ਮੋਹੰਤੀ ਵਲੋਂ ਪਹਿਲਾਂ ਤੋਂ ਜਾਣਕਾਰੀ ਇਕੱਤਰ ਕਰਨ ਦੇ ਹੁਕਮ ਨੇ ਮਹੱਤਵਪੂਰਨ ਸਬੂਤਾਂ ਨੂੰ ਸੁਰੱਖਿਅਤ ਰੱਖਣ ਵਿਚ ਸਹਾਇਤਾ ਕੀਤੀ।

ਪੁਲਿਸ ਅਧਿਕਾਰੀਆਂ ਨੇ ਦਸਿਆ  ਕਿ ਬਰਾਮਦ ਹੱਡੀਆਂ ਨੂੰ ਉਮਰ, ਲਿੰਗ ਅਤੇ ਮੌਤ ਦੇ ਸੰਭਾਵਤ  ਕਾਰਨਾਂ ਦਾ ਪਤਾ ਲਗਾਉਣ ਲਈ ਫੋਰੈਂਸਿਕ ਸਾਇੰਸ ਲੈਬਾਰਟਰੀ (ਐਫ.ਐਸ.ਐਲ.) ਭੇਜ ਦਿਤਾ ਗਿਆ ਹੈ। 31 ਜੁਲਾਈ ਨੂੰ 6 ਨੰਬਰ ਥਾਂ ਤੋਂ ਬਰਾਮਦ ਹੋਈਆਂ ਹੱਡੀਆਂ ਦੀਆਂ ਲਾਸ਼ਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।

ਇਸ ਤੋਂ ਪਹਿਲਾਂ ਚਾਰ ਹੋਰ ਥਾਵਾਂ ਉਤੇ  ਲਾਸ਼ਾਂ ਕੱਢਣ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਸਨ, ਜਿਨ੍ਹਾਂ ਉਤੇ  7 ਤੋਂ 10 ਤਕ  ਦਾ ਲੇਬਲ ਲਗਾਇਆ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ  ਕਿ ਮੁਸ਼ਕਲ ਇਲਾਕੇ ਕਾਰਨ ਮੁਹਿੰਮ ਦੌਰਾਨ ਕੁੱਝ  ਕਰਮਚਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਐਸ.ਆਈ.ਟੀ. ਨੇ ਉਨ੍ਹਾਂ ਵਸਨੀਕਾਂ ਨੂੰ ਸੱਦਾ ਦਿਤਾ ਹੈ ਜਿਨ੍ਹਾਂ ਨੇ ਪਹਿਲਾਂ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਜਾਂ ਜਾਣਕਾਰੀ ਸਾਂਝੀ ਕੀਤੀ ਸੀ ਤਾਂ ਜੋ ਚੱਲ ਰਹੀ ਜਾਂਚ ਵਿਚ ਸਰਗਰਮੀ ਨਾਲ ਸ਼ਾਮਲ ਹੋ ਸਕਣ। ਅਧਿਕਾਰੀਆਂ ਨੇ ਕਿਹਾ ਕਿ ਕਰਨਾਟਕ ਦੀ ਸੱਭ ਤੋਂ ਵੱਡੀ ਫੋਰੈਂਸਿਕ ਅਗਵਾਈ ਵਾਲੀ ਜਾਂਚ ਵਿਚ ਵੱਧ ਤੋਂ ਵੱਧ ਹੱਡੀਆਂ ਨੂੰ ਬਰਾਮਦ ਕਰਨਾ ਪਹਿਲੀ ਤਰਜੀਹ ਹੈ।

ਐਸ.ਆਈ.ਟੀ. ਦੀ ਜਾਂਚ ਪੂਰੀ ਗੁਪਤਤਾ ਹੇਠ ਜਾਰੀ ਹੈ ਅਤੇ ਉਭਰ ਰਹੇ ਨਤੀਜਿਆਂ ਦੇ ਅਧਾਰ ਉਤੇ  ਰੋਜ਼ਾਨਾ ਕਾਰਵਾਈ ਜਾਰੀ ਰਹਿਣ ਦੀ ਉਮੀਦ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਧਰਮਸਥਾਨ ਵਿਚ ਸਮੂਹਿਕ ਕਤਲ, ਜਬਰ ਜਨਾਹ  ਅਤੇ ਗੈਰ-ਕਾਨੂੰਨੀ ਦਫਨਾਉਣ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਰਾਜ ਸਰਕਾਰ ਨੇ ਐਸ.ਆਈ.ਟੀ.  ਦਾ ਗਠਨ ਕੀਤਾ ਸੀ।

ਸ਼ਿਕਾਇਤਕਰਤਾ, ਇਕ  ਸਾਬਕਾ ਸਫਾਈ ਕਰਮਚਾਰੀ, ਜਿਸ ਦੀ ਪਛਾਣ ਦਾ ਪ੍ਰਗਟਾਵਾ  ਨਹੀਂ ਕੀਤਾ ਗਿਆ ਹੈ, ਨੇ ਦਾਅਵਾ ਕੀਤਾ ਕਿ ਉਹ 1995 ਤੋਂ 2014 ਦੇ ਵਿਚਕਾਰ ਧਰਮਾਸਥਲਾ ਵਿਚ ਨੌਕਰੀ ਕਰਦਾ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਔਰਤਾਂ ਅਤੇ ਨਾਬਾਲਗਾਂ ਸਮੇਤ ਕਈ ਲਾਸ਼ਾਂ ਨੂੰ ਦਫਨਾਉਣ ਲਈ ਮਜਬੂਰ ਕੀਤਾ ਗਿਆ, ਜਿਨ੍ਹਾਂ ਵਿਚੋਂ ਕੁੱਝ  ਉਤੇ  ਜਿਨਸੀ ਸੋਸ਼ਣ  ਦੇ ਨਿਸ਼ਾਨ ਸਨ। ਉਸ ਤੋਂ ਬਾਅਦ ਉਸ ਨੇ  ਇਨ੍ਹਾਂ ਦਾਅਵਿਆਂ ਦੇ ਸਬੰਧ ਵਿਚ ਮੈਜਿਸਟਰੇਟ ਦੇ ਸਾਹਮਣੇ ਬਿਆਨ ਦਰਜ ਕਰਵਾਇਆ ਹੈ।