ਨਾਸਿਕ ਵਿਖੇ ਮਹਾਰਾਣੀ ਜਿੰਦ ਕੌਰ ਦੀ ਯਾਦਗਾਰੀ ਸਮਾਧ ਸਿੱਖੀ ਦੀ ਸ਼ਾਨ ਅਤੇ ਰਾਸ਼ਟਰੀ ਗੌਰਵ ਦਾ ਪ੍ਰਤੀਕ: ਪ੍ਰੋ. ਸਰਚਾਂਦ ਸਿੰਘ
ਮਹਾਰਾਣੀ ਜਿੰਦ ਕੌਰ ਦੀ ਯਾਦ ਵਿੱਚ ਹਰ ਸਾਲ ਮਾਰਚ ਮਹੀਨੇ ਵਿੱਚ ਗੁਰਮਤਿ ਸਮਾਗਮ ਆਯੋਜਿਤ ਕੀਤਾ ਜਾਵੇਗਾ- ਜਸਪਾਲ ਸਿੱਧੂ
ਮਹਾਰਾਸ਼ਟਰ: ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਧਰਮ-ਪਤਨੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦ ਕੌਰ ਦੇ ਨਾਸਿਕ (ਮਹਾਰਾਸ਼ਟਰ) ਵਿਖੇ ਅੰਤਿਮ ਸੰਸਕਾਰ ਅਸਥਾਨ ‘ਤੇ ਉਸਾਰੀ ਗਈ ਯਾਦਗਾਰੀ ਸਮਾਧ ਸਿੱਖੀ ਦੀ ਸ਼ਾਨ, ਰਾਸ਼ਟਰੀ ਗੌਰਵ ਅਤੇ ਸਦੀਵੀ ਪ੍ਰੇਰਣਾ ਦਾ ਸਰੋਤ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ 14 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਇਹ ਪਵਿੱਤਰ ਕਾਰਜ ਸਥਾਨਕ ਪ੍ਰਸ਼ਾਸਨ ਅਤੇ ਮਹਾਰਾਸ਼ਟਰ ਸਿੱਖ ਸਮਾਜ ਦੇ ਯਤਨਾਂ ਨਾਲ ਸੰਭਵ ਹੋਇਆ ਹੈ। ਉਨਾਂ ਨੇ ਇਸ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਮਹਾਰਾਸ਼ਟਰ ਸਿੱਖ ਸਮਾਜ ਤਾਲਮੇਲ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਸਿੱਧੂ, ਪੰਜਾਬੀ ਸਾਹਿਤ ਅਕੈਡਮੀ ਮਹਾਰਾਸ਼ਟਰ ਦੇ ਚੇਅਰਮੈਨ ਬਲ ਮਲਕੀਤ ਸਿੰਘ, ਚਰਨਦੀਪ ਸਿੰਘ ਹੈਪੀ, ਜਥੇਦਾਰ ਬਾਬਾ ਰਣਜੀਤ ਸਿੰਘ ਜੀ (ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ, ਮਨਮਾਡ), ਨਾਸਿਕ ਜ਼ਿਲ੍ਹਾ ਯੁਨਾਈਟਡ ਗੁਰਦੁਆਰਾ ਤੋਂ ਰਣਜੀਤ ਸਿੰਘ ਆਨੰਦ ਅਤੇ ਸਾਰੀਆਂ ਸਥਾਨਕ ਸਿੱਖ ਸੰਸਥਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਾਂਝੇ ਯਤਨਾਂ ਸਦਕਾ ਇਹ ਸਮਾਗਮ ਸੰਭਵ ਹੋਇਆ।
ਪ੍ਰੋ. ਖਿਆਲਾ ਨੇ ਕਿਹਾ ਕਿ ਮਹਾਰਾਣੀ ਜਿੰਦ ਕੌਰ ਸਿਰਫ਼ ਸਿੱਖ ਰਾਜ ਦੀ ਰਾਣੀ ਹੀ ਨਹੀਂ ਸਗੋਂ ਉਹ ਅੰਗਰੇਜ਼ ਹਕੂਮਤ ਦੇ ਸਾਹਮਣੇ ਰਾਸ਼ਟਰੀ ਭਾਵਨਾ ਨਾਲ ਡਟ ਕੇ ਖੜ੍ਹਨ ਵਾਲੀ ਦਲੇਰ ਸਿੱਖ ਮਾਤਾ ਸੀ, ਜਿਸ ਤੋਂ ਅੰਗਰੇਜ਼ ਵੀ ਕੰਬਦੇ ਸਨ। ਉਹ 1 ਅਗਸਤ 1863 ਨੂੰ 48 ਸਾਲ ਦੀ ਉਮਰ ਵਿੱਚ ਲੰਡਨ ਵਿਖੇ ਸਵਰਗਵਾਸ ਹੋਈ। ਉਸ ਦੀ ਆਖ਼ਰੀ ਇੱਛਾ ਅਨੁਸਾਰ ਉਸ ਦਾ ਮ੍ਰਿਤਕ ਸਰੀਰ ਭਾਰਤ ਲਿਆਂਦਾ ਗਿਆ, ਪਰ ਬ੍ਰਿਟਿਸ਼ ਹਕੂਮਤ ਨੇ ਪੰਜਾਬ ਲਿਜਾਣ ਦੀ ਆਗਿਆ ਨਾ ਦਿੱਤੀ। ਉਸ ਦਾ ਅੰਤਿਮ ਸੰਸਕਾਰ ਨਾਸਿਕ ਵਿਖੇ ਗੋਦਾਵਰੀ ਨਦੀ ਦੇ ਕੰਢੇ ਕੀਤਾ ਗਿਆ। ਬਾਅਦ ਵਿੱਚ ਉਸ ਦੀਆਂ ਅਸਥੀਆਂ ਉਸ ਦੀ ਧੀ ਸ਼ਹਿਜ਼ਾਦੀ ਬੰਬਾਂ ਵੱਲੋਂ ਨਾਸਿਕ ਤੋਂ ਲਾਹੌਰ ਲਿਆਂਦੀਆਂ ਗਈਆਂ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਸਥਾਪਿਤ ਕੀਤੀਆਂ ਗਈਆਂ।
ਮਹਾਰਾਸ਼ਟਰ ਸਿੱਖ ਸਮਾਜ ਤਾਲਮੇਲ ਕਮੇਟੀ ਦੇ ਚੇਅਰਮੈਨ ਸ. ਜਸਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਪਹਿਲਾਂ ਇਸ ਸਥਾਨ ‘ਤੇ ਇਕ ਛੋਟੀ ਸਮਾਧ ਸੀ, ਜੋ ਗੋਦਾਵਰੀ ਦੇ ਸੁੰਦਰੀਕਰਨ ਪ੍ਰੋਜੈਕਟ ਦੌਰਾਨ ਹਟਾ ਦਿੱਤੀ ਗਈ ਸੀ। ਹੁਣ ਮਹਾਰਾਸ਼ਟਰ ਸਰਕਾਰ ਦੇ ਸਹਿਯੋਗ ਨਾਲ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਹੇਠ ਇੱਕ ਸ਼ਾਨਦਾਰ ਯਾਦਗਾਰੀ ਸਮਾਧ ਦੀ ਉਸਾਰੀ ਕੀਤੀ ਗਈ ਹੈ। ਸਿੱਖ ਨੇਤਾਵਾਂ ਨੇ ਇਸ ਲਈ ਮਹਾਰਾਸ਼ਟਰ ਸਰਕਾਰ ਦਾ ਧੰਨਵਾਦ ਕਰਦਿਆਂ ਇਸ ਸਮਾਧ ਨੂੰ ਸਿੱਖੀ ਅਤੇ ਰਾਸ਼ਟਰੀ ਭਾਵਨਾ ਦਾ ਮਜ਼ਬੂਤ ਪ੍ਰਤੀਕ ਕਿਹਾ।
ਸਿੱਧੂ ਨੇ ਐਲਾਨ ਕੀਤਾ ਕਿ ਮਹਾਰਾਣੀ ਜਿੰਦ ਕੌਰ ਦੀ ਯਾਦ ਵਿੱਚ ਹਰ ਸਾਲ ਮਾਰਚ ਮਹੀਨੇ ਵਿੱਚ ਗੁਰਮਤਿ ਸਮਾਗਮ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਗੋਦਾਵਰੀ ਕੰਢੇ ਉਸ ਦੇ ਨਾਮ ‘ਤੇ ਨਿਰਧਾਰਤ ਪੰਜ ਏਕੜ ਜ਼ਮੀਨ ‘ਤੇ ਸ਼ਾਨਦਾਰ ਯਾਦਗਾਰ ਅਤੇ ਸੰਗਤਾਂ ਦੀਆਂ ਸੁਵਿਧਾਵਾਂ ਨਾਲ ਲੈਸ ਕੰਪਲੈਕਸ ਵੀ ਤਿਆਰ ਕੀਤਾ ਜਾਵੇਗਾ।
ਸਿੱਧੂ ਨੇ ਕਿਹਾ ਕਿ ਮਹਾਰਾਣੀ ਜਿੰਦ ਕੌਰ ਨੇ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਵਿੱਚ ਨਾ ਸਿਰਫ਼ ਸਿੱਖੀ ਲਈ ਗੌਰਵ ਜਗਾਇਆ, ਸਗੋਂ ਭਾਰਤ ਦੀ ਗੁਲਾਮੀ ਦੇ ਹਨੇਰੇ ਵਿੱਚ ਰਾਸ਼ਟਰੀ ਚੇਤਨਾ ਦੀ ਜੋਤ ਪ੍ਰਜਵਲਿਤ ਕੀਤੀ। ਉਹ ਅਡੋਲ ਹੌਸਲੇ, ਅਟੱਲ ਇਰਾਦੇ ਅਤੇ ਤਿੱਖੀ ਸੋਚ ਦੀ ਜੀਵੰਤ ਮੂਰਤੀ ਸੀ – ਜੋ ਸਿੱਖੀ ਦੀ ਮਾਤਰ ਸ਼ਾਨ ਹੀ ਨਹੀਂ ਸਗੋਂ ਭਾਰਤ ਦੇ ਗੌਰਵ ਦਾ ਪ੍ਰਤੀਕ ਵੀ ਹੈ। ਮਹਾਰਾਣੀ ਜਿੰਦ ਕੌਰ ਦੀ ਸਮਾਧ ਨੂੰ ਕੇਵਲ ਇੱਕ ਇਤਿਹਾਸਕ ਸਥਾਨ ਨਾ ਸਮਝਿਆ ਜਾਵੇ, ਸਗੋਂ ਸਿੱਖ ਕੌਮ ਅਤੇ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇ।