22-29 ਸਤੰਬਰ ਵਿਚਾਲੇ ਹੋਣਗੀਆਂ ਸੀ.ਬੀ.ਐਸ.ਈ ਦੀਆਂ 10ਵੀਂ-12ਵੀਂ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

22-29 ਸਤੰਬਰ ਵਿਚਾਲੇ ਹੋਣਗੀਆਂ ਸੀ.ਬੀ.ਐਸ.ਈ ਦੀਆਂ 10ਵੀਂ-12ਵੀਂ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ

image

 


ਨਵੀਂ ਦਿੱਲੀ, 4 ਸਤੰਬਰ : ਕੇਂਦਰੀ ਸੈਕੰਡਰੀ ਸਿਖਿਆ ਬੋਰਡ (ਸੀ.ਬੀ.ਐੱਸ.ਈ.) 10ਵੀਂ ਅਤੇ 12ਵੀਂ ਜਮਾਤ ਦੀਆਂ ਕੰਪਾਰਟਮੈਂਟ ਪ੍ਰੀਖਿਆ 22 ਸਤੰਬਰ ਤੋਂ 29 ਸਤੰਬਰ ਦੇ ਵਿਚਾਲੇ ਹੋਣਗੀਆਂ। ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਇਹ ਜਾਣਕਾਰੀ ਦਿਤੀ।


ਇਸ ਤੋਂ ਪਹਿਲਾਂ ਬੋਰਡ ਵਲੋਂ ਸ਼ੁਕਰਵਾਰ ਨੂੰ ਇਸ ਮਾਮਲੇ ’ਚ ਸੁਪਰੀਮ ਕੋਰਟ ’ਚ ਸੁਣਵਾਈ ਦੌਰਾਨ ਜਾਣਕਾਰੀ ਦਿਤੀ ਗਈ ਕਿ ਪ੍ਰੀਖਿਆ ਸਤੰਬਰ ਅੰਤ ’ਚ ਪ੍ਰਸਤਾਵਿਤ ਹਨ। ਕੋਰਟ ਨੇ ਬੋਰਡ ਨੂੰ ਕਿਹਾ ਕਿ ਉਹ ਇਸ ਸਬੰਧ ’ਚ ਪੂਰੇ ਵੇਰਵੇ ਦਾ ਹਲਫ਼ਨਾਮਾ 10 ਸਤੰਬਰ ਤਕ ਦਾਖ਼ਲ ਕਰਨ। ਬੋਰਡ ਵਲੋਂ ਕੋਰਟ ’ਚ ਪੇਸ਼ ਐਡਵੋਕੇਟ ਰੂਪੇਸ਼ ਕੁਮਾਰ ਨੇ ਜੱਜ ਏ.ਐੱਮ. ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੂੰ ਦਸਿਆ ਕਿ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧਾ ਕੇ 1278 ਕੀਤੀ ਗਈ ਹੈ। ਵਕੀਲ ਨੇ ਬੈਂਚ ਦੇ ਸਾਹਮਣੇ ਕਿਹਾ,‘‘ਅਸੀਂ ਫ਼ੈਸਲਾ ਕੀਤਾ ਹੈ ਕਿ ਜਿਸ ਜਮਾਤ ’ਚ 40 ਵਿਦਿਆਰਥੀ ਬੈਠ ਸਕਦੇ ਹਨ, ਉਸ ’ਚ ਹੁਣ 12 ਨੂੰ ਹੀ ਬਿਠਾਇਆ ਜਾਵੇਗਾ। ਅਸੀਂ ਸਾਰੇ ਚੌਕਸੀ ਕਦਮ ਚੁੱਕ ਰਹੇ ਹਾਂ।’’ ਕੁਮਾਰ ਨੇ ਕੋਰਟ ਦੇ ਪ੍ਰੀਖਿਆ ਆਯੋਜਿਤ ਕਰਨ ਦੇ ਸਬੰਧ ’ਚ ਪੁੱਛੇ ਜਾਣ ’ਤੇ ਕਿਹਾ ਕਿ ਅੱਜ ਇਸ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰ ਦਿਤੀ ਜਾਵੇਗੀ।

image


ਪਟੀਸ਼ਨਕਰਤਾ ਨੇ ਅਪੀਲ ਕੀਤੀ ਕਿ ਜਦੋਂ ਕੋਰੋਨਾ ਕਾਰਨ ਮੁੱਖ ਪ੍ਰੀਖਿਆ ਰੱਦ ਕਰ ਦਿਤੀ ਹੈ ਤਾਂ ਬੋਰਡ ਕੰਪਾਰਟਮੈਂਟ ਪ੍ਰੀਖਿਆ ਰੱਦ ਕਿਉਂ ਨਹੀਂ ਕਰ ਸਕਦਾ, ਇਹ ਸਪੱਸ਼ਟ ਨਹੀਂ ਹੈ। ਵਿਦਿਆਰਥੀਆਂ ਵਲੋਂ ਦਾਇਰ ਪਟੀਸ਼ਨ ’ਚ ਕਿਹਾ ਗਿਆ ਕਿ ਕੋਰੋਨਾ ਆਫ਼ਤ ਦੇ ਦੌਰ ’ਚ ਜਾਂ ਤਾਂ ਪ੍ਰੀਖਿਆ ਰੱਦ ਕਰ ਦਿਤੀ ਜਾਵੇ ਜਾਂ ਵਿਦਿਆਰਥੀਆਂ ਦਾ ਪਿਛਲੇ ਪ੍ਰਦਰਸ਼ਨਾਂ ਦੇ ਆਧਾਰ ’ਤੇ ਮੁਲਾਂਕਣ ਕੀਤਾ ਜਾਵੇ। ਇਸ ’ਤੇ ਸੁਪਰੀਮ ਕੋਰਟ ਨੇ ਬੋਰਡ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ ਸੀ। ਇਸ ਮਾਮਲੇ ’ਚ ਹੁਣ ਵੀਰਵਾਰ ਨੂੰ ਅਗਲੀ ਸੁਣਵਾਈ ਹੋਵੇਗੀ। ਬੋਰਡ ਦੀ ਕੰਪਾਰਟਮੈਂਟ ਪ੍ਰੀਖਿਆਵਾਂ ’ਚ ਜਮਾਤ 10 ਦੇ ਇਕ ਲੱਖ 50 ਹਜ਼ਾਰ 198 ਵਿਦਿਆਰਥੀ ਅਤੇ ਜਮਾਤ 12 ਦੇ 87,651 ਵਿਦਿਆਰਥੀ ਹਿੱਸਾ ਲੈਣਗੇ।


ਪਟੀਸ਼ਨਕਰਤਾਵਾਂ ਨੇ ਪ੍ਰੀਖਿਆਵਾਂ ਰੱਦ ਕਰਨ ਲਈ ਬੋਰਡ ਦੇ ਸਾਹਮਣੇ ਇਕ ਪਟੀਸ਼ਨ ਦਾਇਰ ਕੀਤੀ ਸੀ ਪਰ ਇਸ ਨੂੰ 6 ਅਗੱਸਤ ਨੂੰ ਖ਼ਾਰਿਜ਼ ਕਰ ਦਿਤਾ ਗਿਆ ਸੀ। ਬੋਰਡ ਦੇ 6 ਅਗੱਸਤ ਦੇ ਇਸ ਫ਼ੈਸਲੇ ਵਿਰੁਧ ਕੋਰਟ ’ਚ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ।         (ਪੀਟੀਆਈ)