ਹੈਲੀਕਾਪਟਰ ਘਪਲਾ : ਹਾਈ ਕੋਰਟ ਦੇ ਫ਼ੈਸਲੇ ਵਿਰੁਧ ਸੁਪਰੀਮ ਕੋਰਟ ਜਾਵੇਗਾ ਈ.ਡੀ.

ਏਜੰਸੀ

ਖ਼ਬਰਾਂ, ਰਾਸ਼ਟਰੀ

ਹੈਲੀਕਾਪਟਰ ਘਪਲਾ : ਹਾਈ ਕੋਰਟ ਦੇ ਫ਼ੈਸਲੇ ਵਿਰੁਧ ਸੁਪਰੀਮ ਕੋਰਟ ਜਾਵੇਗਾ ਈ.ਡੀ.

image

ਨਵੀਂ ਦਿੱਲੀ, 4 ਸਤੰਬਰ : ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਸ਼ੁਕਰਵਾਰ ਨੂੰ ਦਿੱਲੀ ਹਾਈ ਕੋਰਟ 'ਚ ਕਿਹਾ ਕਿ ਉਸਨੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ ਮਾਮਲੇ 'ਚ ਰਾਜੀਵ ਸਕਸੈਨਾ ਦੇ ਸਰਕਾਰੀ ਗਵਾਹ ਦੇ ਦਰਜੇ ਨੂੰ ਵਾਪਸ ਲੈਣ ਦੀ ਮੰਗ ਨੂੰ ਖ਼ਾਰਿਜ਼ ਕਰਨ ਦੇ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਵੇਗਾ।


ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਜਸਟਿਸ ਸੀ ਹਰੀਸ਼ੰਕਰ ਦੇ ਬੈਂਚ ਅੱਗੇ ਕਿਹਾ ਕਿ ਉਹ ਹਾਈ ਕੋਰਟ ਦੇ 8 ਜੂਨ ਦੇ ਆਦੇਸ਼ ਦੇ ਵਿਰੁਧ ਅੱਜ ਸੁਪਰੀਮ ਕੋਰਟ ਦਾ ਰੁਖ ਕਰੇਗਾ।
ਹਾਈ ਕੋਰਟ ਨੇ ਸਕਸੈਨਾ ਦੀ ਜ਼ਮਾਨਤ ਰੱਦ ਕਰਨ ਦੀ ਅਪੀਲ 'ਤੇ ਸੁਣਵਾਈ ਮੁਲਤਵੀ ਕਰਨ ਦੀ ਈ.ਡੀ. ਦੀ ਪਟੀਸ਼ਨ ਸਵੀਕਾਰ ਕਰ ਲਈ ਅਤੇ ਇਸ ਮਾਮਲੇ ਨੂੰ 15 ਅਕਤੂਬਰ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ।

image


ਈਡੀ ਵਲੋਂ ਪੇਸ਼ ਹੋਏ ਵਕੀਲ ਜੋਹਬ ਹੁਸੈਨ ਨੇ ਕਿਹਾ, “ਅਸੀਂ ਅੱਜ ਹਾਈ ਕੋਰਟ ਦੇ ਹੁਕਮਾਂ ਦੇ ਵਿਰੁਧ ਐਸਐਲਪੀ (ਸਪੈਸ਼ਲ ਲੀਵ ਪਟੀਸ਼ਨ) ਦਾਇਰ ਕਰਨ ਜਾ ਰਹੇ ਹਾਂ। ਜਿਵੇਂ ਕਿ ਅਸੀਂ ਇਥੇ ਕਿਹਾ, ਐਸਐਲਪੀ ਸੁਪਰੀਮ ਕੋਰਟ 'ਚ ਦਾਇਰ ਕੀਤੀ ਜਾਏਗੀ। ਇਹ ਮਾਮਲਾ ਅਗਲੇ ਕੁਝ ਦਿਨਾਂ 'ਚ ਸੂਚੀਬੱਧ ਕੀਤਾ ਜਾ ਸਕਦਾ ਹੈ। ਅਸੀਂ (ਹਾਈ) ਕੋਰਟ ਨੂੰ ਕੇਸ ਦੀ ਸੁਣਵਾਈ ਦੋ ਹਫ਼ਤਿਆਂ ਲਈ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ।'' ਈਡੀ ਹਾਈ ਕੋਰਟ ਦੇ 8 ਜੂਨ ਦੇ ਆਦੇਸ਼ ਨੂੰ ਚੁਣੌਤੀ ਦੇ ਰਿਹਾ ਹੈ, ਜਿਸ 'ਚ ਸਕਸੈਨਾ ਦਾ ਸਰਕਾਰੀ ਗਵਾਹ ਦਾ ਦਰਜ਼ਾ ਵਾਪਸ ਲੈਣ ਦੀ ਅਪੀਲ ਨੂੰ ਖ਼ਾਰਜ ਕਰ ਦਿਤਾ ਸੀ। ਹਾਈ ਕੋਰਟ ਨੇ ਕਿਹਾ ਸੀ ਕਿ ਸਰਕਾਰੀ ਗਵਾਹ ਦਾ ਦਰਜਾ ਵਾਪਸ ਲੈਣ ਲਈ ਹੇਠਲੀ ਅਦਾਲਤ 'ਚ ਦਾਇਰ ਈਡੀ ਦੀ ਪਟੀਸ਼ਨ ਤਰਕਸੰਗਤ ਨਹੀਂ ਹੈ ਕਿਉਂਕਿ ਅਪਰਾਧਕ ਪ੍ਰਣਾਲੀ ਦੀ ਧਾਰਾ 306 (4) ਦੇ ਤਹਿਤ ਸਕਸੈਨਾ ਦਾ ਬਿਆਨ ਦਰਜ ਨਹੀਂ ਕੀਤਾ ਗਿਆ ਹੈ।


ਜ਼ਿਕਰਯੋਗ ਹੈ ਕਿ ਦੁਬਈ ਸਥਿਤ ਉਦਯੋਗਪਤੀ ਸਕਸੈਨਾ ਨੂੰ ਪਿਛਲੇ ਸਾਲ 31 ਜਨਵਰੀ ਨੂੰ ਅਗਸਤਾ ਵੈਸਟਲੈਂਡ ਤੋਂ 12 ਵੀਵੀਆਈਪੀ ਹੈਲੀਕਾਪਟਰਾਂ ਦੀ ਖ਼ਰੀਦ ਦੇ 3,600 ਕਰੋੜ ਰੁਪਏ ਦੇ ਘੁਟਾਲੇ ਦੇ
ਮਾਮਲੇ 'ਚ ਭਾਰਤ ਲਿਆਂਦਾ ਗਿਆ ਸੀ। (ਪੀਟੀਆਈ)