ਰਾਹੁਲ ਦਾ PM 'ਤੇ ਤੰਜ਼, ਰੁਜ਼ਗਾਰ, ਆਮਦਨੀ, ਅਰਥਵਿਵਸਥਾ ਗਾਇਬ, ਸਵਾਲ ਪੁਛੋਂ ਤਾਂ ਜਵਾਬ ਗਾਇਬ!

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰ 'ਤੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਣ ਦਾ ਦੋਸ਼

Rahul Gandhi

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਮੁੜ ਨਿਸ਼ਾਨਾ ਸਾਧਿਆ ਹੈ। ਪ੍ਰਧਾਨ ਮੰਤਰੀ ਵੱਲ ਤੰਜ਼ ਕਸਦਿਆਂ ਰਾਹੁਲ ਨੇ ਕਿਹਾ ਕਿ ਦੇਸ਼ ਵਿਚ 12 ਕਰੋੜ ਲੋਕ ਬੇਰੁਜ਼ਗਾਰ ਹੋ ਗਏ ਹਨ, 5 ਟ੍ਰਿਲੀਅਨ ਦੀ ਅਰਥ-ਵਿਵਸਥਾ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ, ਆਮ ਲੋਕਾਂ ਦੀ ਆਮਦਨੀ ਗਾਇਬ ਹੋ ਗਈ ਹੈ ਪਰ ਇਸ ਸਬੰਧੀ ਜਦੋਂ ਸਰਕਾਰ ਤੋਂ ਸਵਾਲ ਪੁੱਛਿਆ ਜਾਂਦਾ ਹੈ ਤਾਂ ਕੋਈ ਜਵਾਬ ਨਹੀਂ ਮਿਲਦਾ ਹੈ।

ਰਾਹੁਲ ਗਾਂਧੀ ਨੇ ਟਵੀਟ ਜਾਰੀ ਕਰਦਿਆਂ ਕਿਹਾ, ''12 ਕਰੋੜ ਰੁਜ਼ਗਾਰ ਗਾਇਬ, 5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਗਾਇਬ, ਆਮ ਲੋਕਾਂ ਦੀ ਆਮਦਨੀ ਗਾਇਬ, ਦੇਸ਼ ਦੀ ਖੁਸ਼ਹਾਲੀ ਅਤੇ ਸੁਰੱਖਿਆ ਗਾਇਬ,  ਸਵਾਲ ਪੁੱਛੋ ਤਾਂ ਜਵਾਬ ਗਾਇਬ, ਵਿਕਾਸ ਗਾਇਬ ਹੈ।''

ਕਾਂਗਰਸੀ ਆਗੂ ਵਲੋਂ ਦੇਸ਼ ਦੀ ਮਾਲੀ ਹਾਲਤ ਸਮੇਤ ਦੂਜੇ ਭਖਦੇ ਮਸਲਿਆਂ 'ਤੇ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। ਉਹ ਤਰਤੀਬਵਾਰ ਹਮਲੇ ਕਰ ਕੇ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰ ਰਹੇ ਹਨ। ਇਸੇ ਤਹਿਤ ਵੀਰਵਾਰ ਨੂੰ ਵੀ ਉਨ੍ਹਾਂ ਨੇ ਨੋਟਬੰਦੀ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ ਸੀ।

ਉਨ੍ਹਾਂ ਕਿਹਾ ਸੀ ਕਿ ਨੋਟਬੰਦੀ ਹਿੰਦੁਸਤਾਨ  ਦੇ ਗ਼ਰੀਬ, ਕਿਸਾਨ ਤੇ ਮਜਦੂਰ 'ਤੇ ਹਮਲਾ ਸੀ। 8 ਨਵੰਬਰ ਦੀ ਰਾਤ 8 ਵਜੇ ਪ੍ਰਧਾਨ ਮੰਤਰੀ ਨੇ 500-1000 ਦੇ ਨੋਟ ਬੰਦ ਕਰ ਦਿਤੇ। ਇਸ ਤੋਂ ਬਾਅਦ ਪੂਰਾ ਦੇਸ਼ ਬੈਂਕਾਂ ਦੇ ਸਾਹਮਣੇ ਜਾ ਖੜ੍ਹਾ ਹੋਇਆ। ਰਾਹੁਲ ਨੇ ਸਵਾਲ ਕੀਤਾ ਕਿ ਕੀ ਇਸ ਤੋਂ ਕਾਲਾ ਧਨ ਵਾਪਸ ਆ ਗਿਆ ਹੈ। ਕੀ ਲੋਕਾਂ ਨੂੰ ਇਸ ਦਾ ਫ਼ਾਇਦਾ ਪਹੁੰਚਿਆ ਹੈ? ਦੋਵਾਂ ਦਾ ਜਵਾਬ ਨਹੀਂ ਹੈ।

ਰਾਹੁਲ ਮੁਤਾਬਕ ਨੋਟਬੰਦੀ ਦਾ ਫ਼ਾਇਦਾ ਸਿਰਫ਼ ਅਮੀਰ ਲੋਕਾਂ ਨੂੰ ਹੀ ਮਿਲਿਆ ਹੈ। ਗ਼ਰੀਬ ਲੋਕਾਂ ਤੋਂ ਪੈਸਾ ਵਸੂਲ ਕੇ ਉਸ ਨਾਲ ਅਮੀਰ ਲੋਕਾਂ ਦਾ ਕਰਜ਼ ਮੁਆਫ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦਾ ਅਸੰਗਠਿਤ ਖੇਤਰ ਕੈਸ਼ 'ਤੇ ਕੰਮ ਕਰਦਾ ਹੈ।  ਨੋਟਬੰਦੀ ਤੋਂ ਕੈਸ਼ਲੇਸ ਇੰਡੀਆ ਚਾਹੁੰਦੇ ਸਨ, ਜੇਕਰ ਅਜਿਹਾ ਹੋਵੇਗਾ ਤਾਂ ਇਹ ਖੇਤਰ ਹੀ ਖ਼ਤਮ ਹੋ ਜਾਵੇਗਾ। ਇਸ ਲਈ ਇਸ ਦੀ ਵਜ੍ਹਾ ਨਾਲ ਕਿਸਾਨ, ਮਜ਼ਦੂਰ ਅਤੇ ਛੋਟੇ ਕਾਰੋਬਾਰੀਆਂ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਛੋਟਾ ਕਾਰੋਬਾਰੀ ਬਿਨਾਂ ਕੈਸ਼ ਦੇ ਕੰਮ ਨਹੀਂ ਚਲਾ ਸਕਦਾ। ਸਾਨੂੰ ਨੋਟਬੰਦੀ ਦੇ ਇਸ ਹਮਲੇ ਨੂੰ ਪਛਾਨਣਾ ਹੋਵੇਗਾ ਅਤੇ ਦੇਸ਼ ਨੂੰ ਇਸ ਦੇ ਖਿਲਾਫ਼ ਲੜਨਾ ਪਵੇਗਾ।