‘LAC ‘ਤੇ ਹਾਲਾਤ ਨਾਜ਼ੁਕ, ਫੌਜ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ’- ਫੌਜ ਮੁਖੀ
ਲਦਾਖ ਪਹੁੰਚੇ ਫੌਜ ਮੁਖੀ ਜਨਰਲ ਐਮਐਮ ਨਰਵਾਣੇ ਨੇ ਕਿਹਾ ਕਿ ਅਸੀਂ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ।
ਨਵੀਂ ਦਿੱਲੀ: ਭਾਰਤ-ਚੀਨ ਵਿਚਕਾਰ ਸਰਹੱਦ ‘ਤੇ ਤਣਾਅ ਦੌਰਾਨ ਫੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਲਦਾਖ ਪਹੁੰਚੇ ਫੌਜ ਮੁਖੀ ਜਨਰਲ ਐਮਐਮ ਨਰਵਾਣੇ ਨੇ ਕਿਹਾ ਕਿ ਅਸੀਂ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਉਹਨਾਂ ਨੇ ਕਿਹਾ ਕਿ ਸਰਹੱਦ ‘ਤੇ ਹਾਲਾਤ ਨਾਜ਼ੁਕ ਹਨ। ਸੁਰੱਖਿਆ ਦੇ ਮੱਦੇਨਜ਼ਰ ਕਦਮ ਚੁੱਕੇ ਗਏ ਹਨ। ਸਮੱਸਿਆ ਦਾ ਹੱਲ ਗੱਲਬਾਤ ਨਾਲ ਹੋ ਸਕਦਾ ਹੈ।
ਫੌਜ ਮੁਖੀ ਨੇ ਸਰਹੱਦ ‘ਤੇ ਹਲਾਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਲਗਾਤਾਰ ਪੰਜਵੇਂ ਦਿਨ ਭਾਰਤ ਅਤੇ ਚੀਨ ਦੇ ਫੌਜ ਅਧਿਕਾਰੀਆਂ ਵਿਚਕਾਰ ਸਰਹੱਦ ‘ਤੇ ਤਣਾਅ ਘਟਾਉਣ ਲਈ ਗੱਲਬਾਤ ਜਾਰੀ ਹੈ। ਫੌਜ ਮੁਖੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜਵਾਨਾਂ ਦਾ ਹੌਂਸਲਾ ਬੁਲੰਦ ਹੈ। ਹਾਲਾਤ ਗੰਭੀਰ ਹਨ। ਸੁਰੱਖਿਆ ਮੁਤਾਬਕ ਕਦਮ ਚੁੱਕੇ ਗਏ ਹਨ ਤੇ ਚੀਨ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਤਾਇਨਾਤੀ ਕੀਤੀ ਗਈ ਹੈ।
ਨਿਊਜ਼ ਏਜੰਸੀ ਮੁਤਾਬਕ ਫੌਜ ਮੁਖੀ ਨੇ ਕਿਹਾ ਕਿ ਕੱਲ੍ਹ ਲੇਹ ਪਹੁੰਚਣ ਤੋਂ ਬਾਅਦ ਮੈਂ ਵੱਖ-ਵੱਖ ਥਾਵਾਂ ‘ਤੇ ਅਫ਼ਸਰਾਂ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਸਾਡੇ ਜਵਾਨ ਨਾ ਸਿਰਫ ਭਾਰਤੀ ਫੌਜ ਬਲਕਿ ਦੇਸ਼ ਦਾ ਵੀ ਨਾਮ ਰੌਸ਼ਨ ਕਰਨਗੇ। ਭਾਰਤੀ ਫ਼ੌਜੀ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਵੀਰਵਾਰ ਨੂੰ ਦੋ ਦਿਨਾਂ ਲੱਦਾਖ਼ ਦੌਰਾ ਸ਼ੁਰੂ ਕੀਤਾ।
ਅਧਿਕਾਰਤ ਸੂਤਰਾਂ ਮੁਤਾਬਕ ਪੈਂਗੋਂਗ ਝੀਲ ਇਲਾਕੇ ਵਿਚ ਚੀਨ ਦੀ ਨਾਪਾਕ ਹਰਕਤ ਨੂੰ ਭਾਰਤ ਦੇ ਮੁਸਤੈਦ ਜਵਾਨਾਂ ਨੇ ਅਸਫ਼ਲ ਕਰਦੇ ਹੋਏ ਉਸ ਇਲਾਕੇ ਦੀ ਉੱਚਾਈ ਵਾਲੇ ਖੇਤਰ ਵਿਚ ਅਪਣੀ ਪੈਠ ਮਜ਼ਬੂਤ ਕਰ ਲਈ ਹੈ। ਸੁਰੱਖਿਆ ਸਥਿਤੀ ਦੀ ਵਿਆਪਕ ਸਮੀਖਿਆ ਕਰਨ ਦੇ ਮਕਸਦ ਨਾਲ ਫ਼ੌਜ ਮੁਖੀ ਦਾ ਇਹ ਦੌਰਾ ਹੋ ਰਿਹਾ ਹੈ। ਦੱਸ ਦਈਏ ਕਿ ਚੀਨ ਅਤੇ ਭਾਰਤ ਵਿਚਾਲੇ ਕਈ ਦੌਰ ਦੀ ਫ਼ੌਜੀ ਗੱਲਬਾਤ ਤੋਂ ਬਾਅਦ ਵੀ ਸਥਿਤੀ ਵਿਚ ਕੋਈ ਬਦਲਾਅ ਨਹੀਂ ਆਇਆ ਹੈ।
ਪੈਂਗੋਂਗ ਝੀਲ ਇਲਾਕੇ ਵਿਚ ਉਸ ਸਮੇਂ ਤਣਾਅ ਵੱਧ ਗਿਆ ਸੀ, ਜਦੋਂ ਚੀਨ ਨੇ ਝੀਲ ਦੇ ਦਖਣੀ ਤੱਟ ਵਿਚ ਕੁਝ ਇਲਾਕਿਆਂ 'ਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਭਾਰਤ ਨੇ ਸੰਵੇਦਨਸ਼ੀਲ ਖੇਤਰ 'ਚ ਵਾਧੂ ਫ਼ੌਜੀ ਅਤੇ ਹਥਿਆਰ ਭੇਜੇ। ਭਾਰਤੀ ਫ਼ੌਜ ਨੇ ਸੋਮਵਾਰ ਨੂੰ ਕਿਹਾ ਕਿ ਚੀਨੀ ਫ਼ੌਜ ਨੇ 29 ਅਤੇ 30 ਅਗੱਸਤ ਦੀ ਦਰਮਿਆਨੀ ਰਾਤ ਨੂੰ ਪੈਂਗੋਂਗ ਝੀਲ ਦੇ ਦਖਣੀ ਤੱਟ 'ਤੇ ਭਾਰਤੀ ਫ਼ੌਜ ਨੂੰ ਉਕਸਾਉਣ ਵਾਲੀਆਂ ਫ਼ੌਜੀ ਗਤੀਵਿਧੀਆਂ ਕੀਤੀਆਂ ਪਰ ਭਾਰਤੀ ਫ਼ੌਜ ਨੇ ਉਹਨਾਂ ਖਦੇੜ ਦਿਤਾ।