ਹਰਿਆਣਾ ਵਿਧਾਨ ਸਭਾ ਚੋਣਾਂ: ਦੁਸ਼ਯੰਤ ਚੌਟਾਲਾ ਉਚਾਨਾ ਤੋਂ ਚੋਣ ਲੜਨਗੇ, ਜੇ.ਜੇ.ਪੀ. ਤੇ ਏ.ਐਸ.ਪੀ. ਦੀ ਸੂਚੀ ਜਾਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਸੂਚੀ ’ਚ ਜੇ.ਜੇ.ਪੀ. ਦੇ 15 ਉਮੀਦਵਾਰ ਸ਼ਾਮਲ ਹਨ ਜਦਕਿ ਚੰਦਰਸ਼ੇਖਰ ਆਜ਼ਾਦ ਦੀ ਅਗਵਾਈ ਵਾਲੀ ਏ.ਐਸ.ਪੀ. ਦੇ ਚਾਰ ਉਮੀਦਵਾਰ ਹਨ

Dushyant Chautala

ਚੰਡੀਗੜ੍ਹ : ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਅਤੇ ਆਜ਼ਾਦ ਸਮਾਜ ਪਾਰਟੀ (ਏ.ਐਸ.ਪੀ.) ਨੇ ਬੁਧਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ 19 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਉਚਾਣਾ ਕਲਾਂ ਸੀਟ ਤੋਂ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ, ਜਿੱਥੋਂ ਉਹ ਮੌਜੂਦਾ ਵਿਧਾਇਕ ਹਨ। 

ਇਸ ਸੂਚੀ ’ਚ ਜੇ.ਜੇ.ਪੀ. ਦੇ 15 ਉਮੀਦਵਾਰ ਸ਼ਾਮਲ ਹਨ ਜਦਕਿ ਚੰਦਰਸ਼ੇਖਰ ਆਜ਼ਾਦ ਦੀ ਅਗਵਾਈ ਵਾਲੀ ਏ.ਐਸ.ਪੀ. ਦੇ ਚਾਰ ਉਮੀਦਵਾਰ ਹਨ। ਜੇ.ਜੇ.ਪੀ. ਉਮੀਦਵਾਰਾਂ ਵਿਚੋਂ ਪਾਰਟੀ ਵਿਧਾਇਕ ਅਮਰਜੀਤ ਢਾਂਡਾ ਜੁਲਾਨਾ ਵਿਧਾਨ ਸਭਾ ਹਲਕੇ ਤੋਂ ਦੁਬਾਰਾ ਚੋਣ ਲੜਨਗੇ। ਜੇ.ਜੇ.ਪੀ. ਨੇ ਦੁਸ਼ਯੰਤ ਦੇ ਭਰਾ ਅਤੇ ਪਾਰਟੀ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਚੌਟਾਲਾ ਨੂੰ ਡੱਬਵਾਲੀ ਸੀਟ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ। 

ਜੇ.ਜੇ.ਪੀ. ਦੀ ਅਗਵਾਈ ਦੁਸ਼ਯੰਤ ਦੇ ਪਿਤਾ ਅਜੇ ਸਿੰਘ ਚੌਟਾਲਾ ਅਤੇ ਸਾਬਕਾ ਸੰਸਦ ਮੈਂਬਰ ਦਿਗਵਿਜੇ ਚੌਟਾਲਾ ਕਰ ਰਹੇ ਹਨ। ਪਾਰਟੀ ਨੇ ਅਜੇ ਬਰਧਾ ਤੋਂ ਅਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ, ਜਿੱਥੋਂ ਦੁਸ਼ਯੰਤ ਦੀ ਮਾਂ ਨੈਨਾ ਚੌਟਾਲਾ ਮੌਜੂਦਾ ਵਿਧਾਇਕ ਹਨ। 

ਪਾਰਟੀ ਵਲੋਂ ਜਾਰੀ ਸੂਚੀ ਅਨੁਸਾਰ ਸਾਬਕਾ ਵਿਧਾਇਕ ਰਾਜਬੀਰ ਫੋਗਾਟ ਚਰਖੀ ਦਾਦਰੀ ਤੋਂ ਚੋਣ ਲੜਨਗੇ। ਜੇ.ਜੇ.ਪੀ. ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨੇ ਹਾਲ ਹੀ ’ਚ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅਪਣੇ ਗਠਜੋੜ ਦਾ ਐਲਾਨ ਕੀਤਾ ਸੀ। ਜੇ.ਜੇ.ਪੀ. 90 ਵਿਧਾਨ ਸਭਾ ਸੀਟਾਂ ’ਚੋਂ 70 ਸੀਟਾਂ ’ਤੇ ਚੋਣ ਲੜੇਗੀ, ਜਦਕਿ ਆਜ਼ਾਦ ਸਮਾਜ ਪਾਰਟੀ 20 ਸੀਟਾਂ ’ਤੇ ਚੋਣ ਲੜੇਗੀ। 

ਪਹਿਲੀ ਸੂਚੀ ਵਿਚ ਜੇ.ਜੇ.ਪੀ. ਨੇ ਗੋਹਾਨਾ, ਬਾਵਲ, ਮੁਲਾਨਾ, ਰਾਦੌਰ, ਗੁਹਲਾ, ਜੀਂਦ, ਨਲਵਾ, ਤੋਸ਼ਮ, ਬੇਰੀ, ਅਟੇਲੀ ਅਤੇ ਹੋਡਲ ਲਈ ਵੀ ਅਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਹਿਲੀ ਸੂਚੀ ’ਚ ਏ.ਐਸ.ਪੀ. ਨੇ ਸਧੌਰਾ, ਜਗਾਧਰੀ, ਸੋਹਣਾ ਅਤੇ ਪਲਵਲ ਵਿਧਾਨ ਸਭਾ ਹਲਕਿਆਂ ਤੋਂ ਅਪਣੇ ਉਮੀਦਵਾਰ ਖੜ੍ਹੇ ਕੀਤੇ ਹਨ। 

2019 ਦੀਆਂ ਵਿਧਾਨ ਸਭਾ ਚੋਣਾਂ ’ਚ ਦੁਸ਼ਯੰਤ ਚੌਟਾਲਾ ਨੇ ਸੀਨੀਅਰ ਨੇਤਾ ਬੀਰੇਂਦਰ ਸਿੰਘ ਦੀ ਪਤਨੀ ਪ੍ਰੇਮ ਲਤਾ ਨੂੰ ਹਰਾਇਆ ਸੀ, ਜੋ ਉਸ ਸਮੇਂ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸਨ। ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ, ਜੋ ਹੁਣ ਕਾਂਗਰਸ ’ਚ ਸ਼ਾਮਲ ਹੋ ਗਏ ਹਨ, ਨੂੰ ਉਚਾਨਾ ਤੋਂ ਟਿਕਟ ਮਿਲਣ ਦੀ ਸੰਭਾਵਨਾ ਹੈ।