ਪਟੜੀਆਂ ਦਾ ਰੱਖ-ਰਖਾਅ ਕਰਨ ਵਾਲਿਆਂ ਤੋਂ ਅਪਣੇ ਨਿਜੀ ਕੰਮ ਕਰਵਾਉਂਦੇ ਰਹਿੰਦੇ ਨੇ ਅਫ਼ਸਰ : ਸੰਗਠਨ ਨੇ ਰਾਹੁਲ ਗਾਂਧੀ ਨੂੰ ਕਿਹਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਟਰੈਕ ਮੇਨਟੇਨਰਾਂ ਨੂੰ ਤਰੱਕੀ ਦਾ ਵੀ ਮੌਕਾ ਨਹੀਂ ਮਿਲਦਾ : ਯੂਨੀਅਨ

Rahul Gandhi.

ਨਵੀਂ ਦਿੱਲੀ: ਆਲ ਇੰਡੀਆ ਰੇਲਵੇ ਟਰੈਕ ਮੇਨਟੇਨਰਜ਼ ਯੂਨੀਅਨ (ਏ.ਆਈ.ਆਰ.ਟੀ.ਯੂ.) ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਇਕ ਮੰਗ ਪੱਤਰ ਸੌਂਪਿਆ, ਜਦੋਂ ਉਹ ਦਿੱਲੀ ਛਾਉਣੀ ਰੇਲਵੇ ਸਟੇਸ਼ਨ ’ਤੇ ਗਏ ਅਤੇ ਉਨ੍ਹਾਂ ਦੀਆਂ ਚੁਨੌਤੀਆਂ ਅਤੇ ਕੰਮਕਾਜ ਦੇ ਹਾਲਾਤ ਬਾਰੇ ਪੁਛਿਆ। 

ਏ.ਆਈ.ਆਰ.ਟੀ.ਯੂ. ਦੇ ਵੱਖ-ਵੱਖ ਅਹੁਦੇਦਾਰਾਂ ਨੇ ਰਾਹੁਲ ਗਾਂਧੀ ਨੂੰ ਇਕ ਲਿਖਤੀ ਨੋਟ ਸੌਂਪਿਆ, ਜਿਸ ’ਚ ਉਨ੍ਹਾਂ ਨੇ ਦੋਸ਼ ਲਾਇਆ ਕਿ ਰੇਲ ਮੰਤਰਾਲੇ ਨੇ ਦੇਸ਼ ’ਚ ਸੁਰੱਖਿਅਤ ਰੇਲ ਸੰਚਾਲਨ ਲਈ ਦਿਨ-ਰਾਤ ਕੰਮ ਕਰਨ ਵਾਲੇ ਲਗਭਗ ਚਾਰ ਲੱਖ ਟਰੈਕ ਮੈਂਟੇਨਰਸ (ਰੇਲ ਪਟੜੀਆਂ ਦਾ ਰੱਖ-ਰਖਾਅ ਕਰਨ ਵਾਲੇ) ਪ੍ਰਤੀ ਉਦਾਸੀਨ ਰਵੱਈਆ ਅਪਣਾਇਆ ਹੈ। 

ਟਰੈਕ ਮੇਨਟੇਨਰਜ਼ ਐਸੋਸੀਏਸ਼ਨ ਵਲੋਂ ਉਠਾਏ ਗਏ ਸਵਾਲਾਂ ਅਤੇ ਮੁੱਦਿਆਂ ’ਤੇ ਪ੍ਰਤੀਕਿਰਿਆ ਮੰਗੇ ਜਾਣ ’ਤੇ ਰੇਲ ਮੰਤਰਾਲੇ ਨੇ ਕੋਈ ਜਵਾਬ ਨਹੀਂ ਦਿਤਾ। 

ਯੂਨੀਅਨ ਦੇ ਅਹੁਦੇਦਾਰਾਂ ਵਲੋਂ ਦਿਤੇ ਨੋਟ ’ਚ ਕਿਹਾ ਗਿਆ, ‘ਭਾਰਤੀ ਰੇਲਵੇ ’ਚ ਪਟੜੀਆਂ ’ਤੇ ਕੰਮ ਕਰਦੇ ਸਮੇਂ ਹਰ ਰੋਜ਼ ਔਸਤਨ ਇਕ ਟਰੈਕ ਰੱਖ-ਰਖਾਅ ਕਰਨ ਵਾਲੇ ਦੀ ਮੌਤ ਹੋ ਜਾਂਦੀ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ, ਜਿਵੇਂ ਕਿ ਸੁਰੱਖਿਆ ਦੀ ਕੋਈ ਗਰੰਟੀ ਨਹੀਂ, ਲੰਮੇ ਸਮੇਂ ਤਕ ਬਹੁਤ ਮੁਸ਼ਕਲ ਕੰਮ ਅਤੇ ਟਰੈਕ ’ਤੇ ਮੁਲਾਜ਼ਮਾਂ ਦੀ ਗਿਣਤੀ ’ਚ ਕਮੀ।’’

ਉਨ੍ਹਾਂ ਅੱਗੇ ਕਿਹਾ, ‘‘ਬਹੁਤ ਸਾਰੇ ਟਰੈਕ ਰੱਖ-ਰਖਾਅ ਕਰਨ ਵਾਲੇ, ਜਿਨ੍ਹਾਂ ਨੂੰ ਪਟੜੀਆਂ ’ਤੇ ਕੰਮ ਕਰਨਾ ਚਾਹੀਦਾ ਹੈ, ਨੂੰ ਰੇਲਵੇ ਅਧਿਕਾਰੀਆਂ ਨੇ ਅਪਣੇ ਨਿੱਜੀ ਕੰਮ ਲਈ ਲਗਾਇਆ ਹੋਇਆ ਹੈ, ਜਿਸ ਕਾਰਨ ਟਰੈਕ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕੀਤੀ ਜਾ ਰਹੀ ਹੈ, ਜਿਸ ਦੇ ਨਤੀਜੇ ਵਜੋਂ ਅਕਸਰ ਹਾਦਸੇ ਹੁੰਦੇ ਹਨ।’’

ਯੂਨੀਅਨ ਅਨੁਸਾਰ, ਟਰੈਕ ਰੱਖ-ਰਖਾਅ ਕਰਨ ਵਾਲੇ ਗਰਮੀ, ਠੰਡ ਅਤੇ ਮੀਂਹ ਵਰਗੀਆਂ ਅਤਿਅੰਤ ਸਥਿਤੀਆਂ ’ਚ ਕੰਮ ਕਰ ਰਹੇ ਹਨ, ਪਰ ਉਹ ਬਹੁਤ ਸਾਰੀਆਂ ਸਹੂਲਤਾਂ ਤੋਂ ਵਾਂਝੇ ਹਨ ਜੋ ਰੇਲਵੇ ਦੇ ਹੋਰ ਵਿਭਾਗਾਂ ਨੂੰ ਉਪਲਬਧ ਹਨ। 

ਏ.ਆਈ.ਆਰ.ਟੀ.ਯੂ. ਦੇ ਕੌਮੀ ਜਨਰਲ ਸਕੱਤਰ ਕਾਂਥਾਰਾਜੂ ਨੇ ਕਿਹਾ, ‘‘ਰੇਲ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਟਰੈਕ ਰੱਖ-ਰਖਾਅ ਕਰਨ ਵਾਲਿਆਂ ਨੂੰ ‘ਰੱਖਿਅਕ ਐਪ’ ਦਿਤੀ ਹੈ ਜੋ ਰੇਲ ਗੱਡੀਆਂ ਦੇ ਆਉਣ ਤੋਂ ਪਹਿਲਾਂ ਅਲਰਟ ਦਿੰਦੀ ਹੈ ਤਾਂ ਜੋ ਉਹ ਪਟੜੀਆਂ ਤੋਂ ਦੂਰ ਜਾ ਸਕਣ, ਪਰ ਇਹ ਸੱਚ ਨਹੀਂ ਹੈ।’’

ਉਨ੍ਹਾਂ ਕਿਹਾ ਕਿ ਟਰੈਕ ਮੇਨਟੇਨਰਾਂ ਨੂੰ ਤਰੱਕੀ ਦਾ ਮੌਕਾ ਨਹੀਂ ਮਿਲਦਾ ਕਿਉਂਕਿ ਉਹ ਸਹਾਇਕ ਸਟੇਸ਼ਨ ਮਾਸਟਰ ਜਾਂ ਗੁਡਜ਼ ਟ੍ਰੇਨ ਗਾਰਡ ਆਦਿ ਬਣਨ ਲਈ ਸੀਮਤ ਵਿਭਾਗੀ ਪ੍ਰਤੀਯੋਗੀ ਇਮਤਿਹਾਨ (ਐਲ.ਡੀ.ਸੀ.ਈ.) ’ਚ ਸ਼ਾਮਲ ਨਹੀਂ ਹੋ ਸਕਦੇ। 

ਦਿੱਲੀ ਕੈਂਟ ਸਟੇਸ਼ਨ ਦੇ ਦੌਰੇ ਦੌਰਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਵਾਲੇ ਏ.ਆਈ.ਆਰ.ਟੀ.ਯੂ. ਦੇ ਕੌਮੀ ਕਾਰਜਕਾਰੀ ਪ੍ਰਧਾਨ ਚੰਦ ਮੁਹੰਮਦ ਨੇ ਕਿਹਾ ਕਿ ਉਨ੍ਹਾਂ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਇਕ ਵੱਖਰਾ ਜੋਖਮ ਭੱਤਾ ਸ਼ੁਰੂ ਕਰਨ ਦਾ ਮੁੱਦਾ ਚੁਕਿਆ ਜੋ ਮੂਲ ਤਨਖਾਹ ਦਾ 30 ਫ਼ੀ ਸਦੀ ਹੋਣਾ ਚਾਹੀਦਾ ਹੈ ਅਤੇ ਤਬਦੀਲੀ ਭੱਤਾ ਦੇਣਾ ਚਾਹੀਦਾ ਹੈ ਕਿਉਂਕਿ ਟਰੈਕ ਰੱਖ-ਰਖਾਅ ਕਰਨ ਵਾਲੇ ਗੰਦੇ ਅਤੇ ਛੂਤ ਵਾਲੀਆਂ ਥਾਵਾਂ ’ਤੇ ਕੰਮ ਕਰਦੇ ਹਨ ਅਤੇ ਅਕਸਰ ਬਿਮਾਰ ਹੋ ਜਾਂਦੇ ਹਨ।