ਲਖਮੀਪੁਰ ਹਿੰਸਾ: SKM ਦੀ ਰਾਸ਼ਟਰਪਤੀ ਨੂੰ ਚਿੱਠੀ, ਗ੍ਰਹਿ ਰਾਜ ਮੰਤਰੀ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

SKM ਨੇ ਕਿਸਾਨਾਂ ਦੇ ਖਿਲਾਫ਼ ਭਾਸ਼ਣ ਦੇਣ ਤੇ ਹਿੰਸਾ ਭੜਕਾਉਣ ਦੇ ਲਈ ਮਨੋਹਰ ਲਾਲ ਖੱਟਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਕੀਤੀ।

President Ram Nath Kovind

 

ਨਵੀਂ ਦਿੱਲੀ: ਲਖੀਮਪੁਰ ਵਿਚ ਵਾਪਰੀ ਘਟਾ ਅਤੇ ਭੜਕੀ ਹਿੰਸਾ ਤੋਂ ਬਾਅਦ, ਸੰਯੁਕਤ ਕਿਸਾਨ ਮੋਰਚਾ (SKM) ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ (President Ram Nath Kovind) ਨੂੰ ਇੱਕ ਪੱਤਰ ਲਿਖਿਆ ਹੈ। ਇਸ ਵਿਚ ਕਿਸਾਨ ਮੋਰਚਾ ਨੇ ਰਾਸ਼ਟਰਪਤੀ ਤੋਂ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ, ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨਾਂ ਦੇ ਖਿਲਾਫ਼ ਭਾਸ਼ਣ ਦੇਣ ਅਤੇ ਹਿੰਸਾ ਭੜਕਾਉਣ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (CM Manohar Lal Khattar) ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਕੀਤੀ ਹੈ।

ਦਰਅਸਲ ਲਖੀਮਪੁਰ ਹਿੰਸਾ (Lakhimpur Kheri Incident) ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਸੀ। ਇਸ ਵਿਚ ਉਹਨਾਂ ਕਿਹਾ ਕਿ – “ਕਿਸਾਨਾਂ ਨੂੰ ਜਵਾਬ ਦੇਣ ਲਈ ਹਰ ਜ਼ਿਲ੍ਹੇ ਵਿਚ 500 ਤੋਂ 700 ਲੋਕਾਂ ਨੂੰ ਡਾਂਗਾਂ ਨਾਲ ਖੜੇ ਕਰੋ। ਦੇਖ ਲਵਾਂਗੇ, ਜੇ ਤੁਸੀਂ 2-4 ਮਹੀਨਿਆਂ ਲਈ ਜੇਲ੍ਹ ਵਿਚ ਰਹੋਗੇ ਤਾਂ ਤੁਸੀਂ ਇੱਕ ਵੱਡੇ ਨੇਤਾ ਬਣ ਜਾਵੋਗੇ। ਜ਼ਮਾਨਤ ਦੀ ਚਿੰਤਾ ਨਾ ਕਰੋ।”

ਮਨੋਹਰ ਲਾਲ ਖੱਟਰ ਦੇ ਇਸ ਬਿਆਨ ਤੋਂ ਬਾਅਦ ਕਿਸਾਨ ਗੁੱਸੇ ਵਿਚ ਆ ਗਏ। ਇਸ ਤੋਂ ਬਾਅਦ, ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਸੀ ਕਿ ਉਹ ਬੇਸ਼ਰਮੀ ਨਾਲ ਕਰਮਚਾਰੀਆਂ ਨੂੰ ਡਾਂਗਾਂ ਚੁੱਕਣ ਲਈ ਕਹਿ ਰਹੇ ਹਨ। ਕਿਸਾਨ ਮੋਰਚੇ ਨੇ ਮੁੱਖ ਮੰਤਰੀ ਖੱਟਰ ਨੂੰ ਤੁਰੰਤ ਮੁਆਫੀ ਮੰਗਣ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ।