ਸ਼ਹੀਦ ਹੋਇਆ ਹਰ ਕਿਸਾਨ ਸਾਡਾ ਭਰਾ ਤੇ ਸਾਡਾ ਪੁੱਤ ਹੈ - ਸੁਖਜਿੰਦਰ ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੀਡੀਆ ਨੂੰ ਵੀ ਕੀਤੀ ਅਪੀਲ, ਕਿਹਾ ਮੀਡੀਆ ਖੋਲ੍ਹੇ ਇਸ ਅੰਨ੍ਹੀ, ਬੋਲੀ ਤੇ ਗੂੰਗੀ ਸਰਕਾਰ ਦੇ ਕੰਨ

sukhjinder Randhawa

 

ਉੱਤਰ ਪ੍ਰਦੇਸ਼ - ਲਖੀਮਪੁਰ ਘਟਨਾ ਨੂੰ ਲੈ ਕੇ ਪੂਰੇ ਦੇਸ਼ ਦੇ ਕਿਸਾਨਾਂ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਘਟਨਾ ਦਾ ਜ਼ਾਇਜਾ ਲੈਣ ਲਈ ਪੰਜਾਬ ਦੇ ਡਿਪਟੀ ਸੀਐੱਮ ਸੁਖਜਿੰਦਰ ਰੰਧਾਵਾ ਅਪਣੇ ਸਾਥੀਆਂ ਨਾਲ ਲਖੀਮਪੁਰ ਗਏ ਹਨ ਜਿੱਥੇ ਉਹਨਾਂ ਨੂੰ ਪਹਿਲਾਂ ਤਾਂ ਹਰਿਆਣਾ ਯੂਪੀ ਬਾਰਡਰ 'ਤੇ ਰੋਕਿਆ ਗਿਆ ਤੇ ਫਿਰ ਉਹਨਾਂ ਦੀ ਕਾਫਲੇ ਸਮੇਤ  ਗ੍ਰਿਫ਼ਤਾਰੀ ਕੀਤੀ ਗਈ।

Deputy CM Sukhjinder Randhawa

ਸੁਖਜਿੰਦਰ ਰੰਧਾਵਾ ਨੇ ਥਾਣੇ 'ਚ ਪਹੁੰਚ ਕੇ ਭਾਜਪਾ ਸਰਕਾਰ ਨੂੰ ਲਾਹਨਤਾਂ ਪਾਈਆਂ ਤੇ ਕਿਹਾ ਕਿ ਮੋਦੀ ਸਰਕਾਰ ਤੇ ਉੱਥੋਂ ਦੀ ਐਡਮਨਿਸਟ੍ਰੇਸ਼ਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਸਾਨੂੰ ਇੱਥੇ ਆਉਣ ਤੋਂ ਰੋਕ ਰਹੇ ਸਨ। ਉਹਨਾਂ ਨੇ ਜਖ਼ਮੀ ਕਿਸਾਨ ਦੀ ਤਸਵੀਰ ਦਿਖਾਉਂਦੇ ਹੋਏ ਕਿਹਾ ਕਿ ਕੀ ਅਸੀਂ ਇਹਨਾਂ ਜਖ਼ਮੀ ਕਿਸਾਨਾਂ ਦਾ ਪਤਾ ਲੈਣ ਨਾ ਆਈਏ? ਕਿ ਇਹਨਾਂ ਦੀ ਸਥਿਤੀ ਕੀ ਹੈ ਸਾਨੂੰ ਪੰਜਾਬ ਸਵਾਲ ਕਰ ਰਿਹਾ ਹੈ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਸਾਨੂੰ ਰੋਕਦਿਆਂ ਨੂੰ।

ਉਹਨਾਂ ਕਿਹਾ ਕਿ ਇਹ ਜੋ ਕਿਸਾਨ ਜਖ਼ਮੀ ਹੋਏ ਹਨ ਇਹ ਨਾ ਤਾਂ ਮੋਦੀ ਦੇ ਬੱਚੇ ਨੇ ਨਾ ਹੀ ਯੋਗੀ ਦੇ ਬੱਚੇ ਨੇ ਇਹ ਸਾਨੂੰ ਪਤਾ ਹੈ ਕਿਉਂਕਿ ਇਹ ਸਾਡੇ ਬੱਚੇ ਨੇ ਜੇ ਕਿਸੇ ਬੱਚੇ ਦੇ ਪੈਰ ਵਿਚ ਸੂਲ ਵੀ ਚੁੱਭ ਜਾਂਦੀ ਹੈ ਤਾਂ ਉਸ ਦਾ ਦਰਦ ਉਸ ਦੇ ਅਪਣੇ ਨੂੰ ਹੀ ਪਤਾ ਹੁੰਦਾ ਹੈ ਤੇ ਜੇ ਪੰਜਾਬ ਵਿਚ ਕਿਸੇ ਬੱਚੇ ਦਾ ਨੁਕਸਾਨ ਹੋ ਰਿਹਾ ਹੈ ਤਾਂ ਉਹ ਸਾਡਾ ਵੀ ਨੁਕਸਾਨ ਹੈ। ਸੁਖਜਿੰਦਰ ਰੰਧਾਵਾ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਇਸ ਅੰਨ੍ਹੀ,ਬੋਲੀ ਤੇ ਗੂੰਗੀ ਸਰਕਾਰ ਦੇ ਤੁਸੀਂ ਕੰਨ ਖੋਲ਼੍ਹੋ ਕਿਉਂਕਿ ਇਹਨਾਂ ਨੇ ਇਕ ਵਾਰ ਫਿਰ ਜਨਰਲ ਡਾਇਰ ਦੀ ਜੋ ਹਰਕਤ ਸੀ ਉਸ ਨੂੰ ਤਾਜ਼ਾ ਕਰਵਾਇਆ ਹੈ ਤੇ ਜਖ਼ਮਾਂ 'ਤੇ ਲੂਣ ਛਿੜਕਿਆ ਹੈ।

Deputy CM Sukhjinder Randhawa

ਉਹਨਾਂ ਕਿਹਾ ਕਿ ਸਰਕਾਰ ਨੂੰ ਲਖੀਮਪੁਰ ਦੇ ਇਸ ਜਨਰਲ ਡਾਇਰ 'ਤੇ ਕਤਲ ਦਾ ਮੁਕੱਦਮਾ ਦਰਜ ਕਰ ਕੇ ਤੁਰੰਤ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ 45 ਲੱਖ ਦੇ ਮੁਆਵਜ਼ੇ ਦਾ ਐਲਾਨ ਕਰ ਕੇ ਬਹੁਤ ਘਿਣਾਉਣੀ ਹਰਕਤ ਕੀਤੀ ਹੈ ਕਿਉਂਕਿ ਜੇ ਇਹਨਾਂ ਦਾ ਕੋਈ ਅਪਣਾ ਮਰਦਾ ਤਾਂ ਕੀ ਇਹ ਮੁਆਵਜ਼ਾ ਦੇ ਕੇ ਹੀ ਸਮਝੌਤਾ ਕਰ ਲੈਂਦੇ ਨਹੀਂ, ਇਹਨਾਂ ਨੂੰ ਪਹਿਲਾਂ ਕਿਸਾਨਾਂ ਦੇ ਕਾਤਲ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਸੀ ਤੇ ਫਿਰ ਮੁਆਵਜ਼ੇ ਦਾ ਐਲਾਨ ਕਰਨਾ ਚਾਹੀਦਾ ਸੀ ਕਿਉਂਕਿ ਇਕ ਵਾਰ ਗਿਆ ਵਿਅਕਤੀ ਵਾਪਸ ਨਹੀਂ ਆਉਂਦਾ।