ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤਾ ਗੈਂਗਸਟਰ ਰਣਜੀਤ ਸਿੰਘ ਦਾ ਕਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

14 ਦਿਨ ਪਹਿਲਾਂ ਹੀ ਜੇਲ੍ਹ ਤੋਂ ਹੋਇਆ ਸੀ ਰਿਹਾਅ

Gangster Ranjit Singh was killed by shooting in broad daylight

ਜਮਸ਼ੇਦਪੁਰ : ਝਾਰਖੰਡ ਦੇ ਜਮਸ਼ੇਦਪੁਰ 'ਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਟੈਲਕੋ ਥਾਣਾ ਖੇਤਰ ਵਿੱਚ ਦੁਰਗਾ ਪੂਜਾ ਪੰਡਾਲ ਵਿੱਚ ਗੈਂਗਸਟਰ ਰਣਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸ ਦੇਈਏ ਕਿ ਰਣਜੀਤ ਸਿੰਘ 20 ਸਤੰਬਰ ਨੂੰ ਹੀ ਜੇਲ੍ਹ ਤੋਂ ਬਾਹਰ ਆਇਆ ਸੀ। ਪੁਲਿਸ ਅਨੁਸਾਰ ਰਣਜੀਤ ਸਿੰਘ ’ਤੇ ਤਿੰਨ ਰਾਉਂਡ ਫਾਇਰ ਕੀਤੇ ਗਏ।

ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ 'ਚ ਸਰਦਾਰੀ ਦੀ ਲੜਾਈ 'ਚ ਕਤਲ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ।  SP ਵਿਜੇ ਸ਼ੰਕਰ ਨੇ ਦੱਸਿਆ ਕਿ ਗੈਂਗਸਟਰ ਰਣਜੀਤ ਸਿੰਘ ਸੋਮਵਾਰ ਨੂੰ ਆਪਣੀ 12 ਸਾਲਾ ਬੇਟੀ ਨਾਲ ਦੁਰਗਾ ਪੂਜਾ ਪੰਡਾਲ 'ਚ ਗਿਆ ਸੀ। ਉਸ ਦੀ ਲੜਕੀ ਕਾਰ ਵਿਚ ਸੀ ਅਤੇ ਰਣਜੀਤ ਬਾਹਰ ਨਿਕਲ ਕੇ ਕੁਝ ਨੌਜਵਾਨਾਂ ਨਾਲ ਗੱਲਾਂ ਕਰ ਰਿਹਾ ਸੀ।

ਇਸ ਦੌਰਾਨ ਬਾਈਕ 'ਤੇ ਆਏ ਬਦਮਾਸ਼ਾਂ ਨੇ ਰਣਜੀਤ ਸਿੰਘ ਦੀ ਬੇਟੀ ਤੋਂ ਉਸ ਦੇ ਪਿਤਾ ਬਾਰੇ ਪੁੱਛਿਆ ਅਤੇ ਇਸ ਤੋਂ ਬਾਅਦ ਬੇਟੀ ਨੂੰ ਕਾਰ 'ਚੋਂ ਬਾਹਰ ਕੱਢਣ ਲੱਗੇ। ਰੌਲਾ ਸੁਣ ਕੇ ਰਣਜੀਤ ਕਾਰ ਨੇੜੇ ਆਇਆ ਤਾਂ ਦੋਵਾਂ ਬਦਮਾਸ਼ਾਂ ਨੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।  ਗੋਲੀ ਲੱਗਣ ਤੋਂ ਬਾਅਦ ਸਥਾਨਕ ਲੋਕਾਂ ਨੇ ਰਣਜੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਘਟਨਾ ਵਿੱਚ ਰਣਜੀਤ ਸਿੰਘ ਦੀ ਬੇਟੀ ਵਾਲ-ਵਾਲ ਬਚ ਗਈ। ਪੁਲਿਸ ਨੇ ਦੱਸਿਆ ਕਿ ਦੁਰਗਾ ਪੂਜਾ ਕਮੇਟੀ ਵੱਲੋਂ ਪੰਡਾਲ ਵਿੱਚ 16 ਸੀਸੀਟੀਵੀ ਕੈਮਰੇ ਲਗਾਏ ਗਏ ਹਨ ਪਰ ਘਟਨਾ ਸਥਾਨ ਸੀਸੀਟੀਵੀ ਦੀ ਪਹੁੰਚ ਤੋਂ ਬਾਹਰ ਹੈ। ਇਸ ਦਾ ਫਾਇਦਾ ਚੁੱਕਦੇ ਹੋਏ ਬਦਮਾਸ਼ ਭੱਜਣ ਵਿਚ ਕਾਮਯਾਬ ਹੋ ਗਏ। ਦੂਜੇ ਪਾਸੇ ਦਿਨ ਦਿਹਾੜੇ ਹੋਏ ਇਸ ਕਤਲ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।