ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 28 ਨਕਸਲੀ ਢੇਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਉਵਾਦੀਆਂ ਨੇ ਅੱਜ ਦੁਪਹਿਰ ਕਰੀਬ 1 ਵਜੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕੀਤੀ, ਜਿਸ ਦਾ ਸੁਰੱਖਿਆ ਬਲਾਂ ਨੇ ਜਵਾਬ ਦਿਤਾ

Representative Image.

ਨਵੀਂ ਦਿੱਲੀ : ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 28 ਨਕਸਲੀ ਮਾਰੇ ਗਏ। ਪੁਲਿਸ ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। 

ਬਸਤਰ ਖੇਤਰ ਦੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਨਰਾਇਣਪੁਰ-ਦੰਤੇਵਾੜਾ ਜ਼ਿਲ੍ਹੇ ਦੀ ਸਰਹੱਦ ’ਤੇ ਅਬੁਝਮਾਡ ਦੇ ਥੁਲਥੁਲੀ ਪਿੰਡ ਦੇ ਜੰਗਲ ’ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਦਰਮਿਆਨ ਮੁਕਾਬਲੇ ’ਚ 28 ਨਕਸਲੀ ਮਾਰੇ ਗਏ। ਹਾਲਾਂਕਿ, ਕੁੱਝ ਪੁਲਿਸ ਅਧਿਕਾਰੀਆਂ ਨੇ 30 ਨਕਸਲੀਆਂ ਦੇ ਮਾਰੇ ਜਾਣ ਦੀ ਵੀ ਰੀਪੋਰਟ ਕੀਤੀ ਹੈ। 

ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਨਰਾਇਣਪੁਰ ਅਤੇ ਦੰਤੇਵਾੜਾ ਜ਼ਿਲ੍ਹਿਆਂ ਦੀ ਸਰਹੱਦ ਨਾਲ ਲਗਦੇ ਅਬੂਝਮਾਡ ਇਲਾਕੇ ’ਚ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਨਰਾਇਣਪੁਰ ਅਤੇ ਦੰਤੇਵਾੜਾ ਜ਼ਿਲ੍ਹਿਆਂ ਤੋਂ ਸੁਰੱਖਿਆ ਬਲਾਂ ਦੀ ਇਕ ਸਾਂਝੀ ਟੀਮ ਵੀਰਵਾਰ ਨੂੰ ਗੋਵੇਲ, ਨੇਂਦੂਰ ਅਤੇ ਥੁਲਥੁਲੀ ਪਿੰਡਾਂ ’ਚ ਭੇਜੀ ਗਈ ਸੀ। 

ਸੁਰੱਖਿਆ ਬਲਾਂ ਦੀ ਟੁਕੜੀ ’ਚ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਅਤੇ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ.) ਦੇ ਜਵਾਨ ਸ਼ਾਮਲ ਸਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਨਕਸਲੀਆਂ ਨੇ ਅੱਜ ਦੁਪਹਿਰ ਕਰੀਬ 1 ਵਜੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕੀਤੀ, ਜਿਸ ਦਾ ਸੁਰੱਖਿਆ ਬਲਾਂ ਨੇ ਜਵਾਬ ਦਿਤਾ। 

ਉਨ੍ਹਾਂ ਦਸਿਆ ਕਿ ਸੁਰੱਖਿਆ ਬਲਾਂ ਨੇ ਇਸ ਮੁਕਾਬਲੇ ’ਚ 28 ਨਕਸਲੀਆਂ ਨੂੰ ਢੇਰ ਕਰ ਦਿਤਾ ਹੈ। ਸੁਰੱਖਿਆ ਬਲਾਂ ਨੇ ਮੌਕੇ ਤੋਂ ਏ.ਕੇ.-47 ਅਤੇ ਐਸ.ਐਲ.ਆਰ. ਸਮੇਤ ਕਈ ਹੋਰ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਕਾਬਲੇ ’ਚ ਸਾਰੇ ਜਵਾਨ ਸੁਰੱਖਿਅਤ ਦੱਸੇ ਗਏ ਹਨ। ਇਲਾਕੇ ’ਚ ਨਕਸਲੀਆਂ ਵਿਰੁਧ ਮੁਹਿੰਮ ਜਾਰੀ ਹੈ।