ਪੁਣੇ ਨੇੜੇ ਔਰਤ ਨਾਲ ਸਮੂਹਕ ਜਬਰ ਜਨਾਹ, ਪ੍ਰੇਮੀ ’ਤੇ ਹਮਲਾ, ਪੁਲਿਸ ਨੇ ਮੁਲਜ਼ਮਾਂ ਦੇ ਸਕੈੱਚ ਜਾਰੀ ਕੀਤੇ
ਮੁਲਜ਼ਮਾਂ ਦੀ ਭਾਲ ਲਈ ਪੁਲਿਸ ਦੀਆਂ 10 ਟੀਮਾਂ ਦਾ ਗਠਨ ਕੀਤਾ ਗਿਆ
ਪੁਣੇ : ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਬਾਹਰੀ ਇਲਾਕੇ ’ਚ ਇਕ 21 ਸਾਲ ਦੀ ਔਰਤ ਨਾਲ ਤਿੰਨ ਵਿਅਕਤੀਆਂ ਨੇ ਕਥਿਤ ਤੌਰ ’ਤੇ ਸਮੂਹਕ ਜਬਰ ਜਨਾਹ ਕੀਤਾ ਅਤੇ ਉਸ ਦੇ ਪੁਰਸ਼ ਦੋਸਤ ਦੀ ਦਰੱਖਤ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ। ਪੁਲਿਸ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ । ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਵੀਰਵਾਰ ਰਾਤ ਕਰੀਬ 11 ਵਜੇ ਬੋਪਦੇਵ ਘਾਟ ਇਲਾਕੇ ’ਚ ਵਾਪਰੀ। ਪੁਲਿਸ ਨੇ ਸ਼ੁਕਰਵਾਰ ਨੂੰ ਦੋਹਾਂ ਸ਼ੱਕੀਆਂ ਦੇ ‘ਸਕੈਚ’ ਜਾਰੀ ਕੀਤੇ ਅਤੇ ਉਨ੍ਹਾਂ ਨੂੰ ਫੜਨ ਲਈ ਲੋਕਾਂ ਦੀ ਮਦਦ ਮੰਗੀ।
ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਕੋਂਧਵਾ ਥਾਣੇ ਦੀ ਹੱਦ ’ਚ ਵਾਪਰੀ। ਕੋਂਧਵਾ ਪੁਲਿਸ ਦੇ ਅਨੁਸਾਰ, ਔਰਤ ਅਪਣੇ ਇਕ ਪੁਰਸ਼ ਦੋਸਤ ਨਾਲ ਇਲਾਕੇ ’ਚ ਗਈ ਸੀ। ਵਧੀਕ ਪੁਲਿਸ ਕਮਿਸ਼ਨਰ ਰੰਜਨ ਕੁਮਾਰ ਸ਼ਰਮਾ ਨੇ ਦਸਿਆ, ‘‘ਮੁੱਢਲੀ ਜਾਣਕਾਰੀ ਅਨੁਸਾਰ ਔਰਤ ਅਤੇ ਉਸ ਦਾ ਪੁਰਸ਼ ਦੋਸਤ ਦੇਰ ਰਾਤ ਬੋਪਦੇਵ ਘਾਟ ਇਲਾਕੇ ’ਚ ਗਏ ਸਨ, ਜਿੱਥੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ।’’
ਉਨ੍ਹਾਂ ਨੇ ਦਸਿਆ ਕਿ ਤਿੰਨਾਂ ਨੇ ਪਹਿਲਾਂ ਔਰਤ ਦੇ ਪੁਰਸ਼ ਦੋਸਤ ਨੂੰ ਘਟਨਾ ਵਾਲੀ ਥਾਂ ’ਤੇ ਇਕ ਦਰੱਖਤ ਨਾਲ ਬੰਨ੍ਹ ਦਿਤਾ ਅਤੇ ਫਿਰ ਵਾਰੀ-ਵਾਰੀ ਉਸ ਨਾਲ ਜਬਰ ਜਨਾਹ ਕੀਤਾ। ਸ਼ਰਮਾ ਨੇ ਦਸਿਆ ਕਿ ਔਰਤ ਅਪਣੇ ਪੁਰਸ਼ ਦੋਸਤ ਨਾਲ ਪੁਣੇ ਸ਼ਹਿਰ ’ਚ ਮਹਾਰਾਸ਼ਟਰ ਸਰਕਾਰ ਵਲੋਂ ਚਲਾਏ ਜਾ ਰਹੇ ਸਸੂਨ ਜਨਰਲ ਹਸਪਤਾਲ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸ਼ੁਕਰਵਾਰ ਸਵੇਰੇ ਕਰੀਬ 5 ਵਜੇ ਘਟਨਾ ਦੀ ਜਾਣਕਾਰੀ ਮਿਲੀ।
ਉਨ੍ਹਾਂ ਦਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਦੀਆਂ 10 ਟੀਮਾਂ ਦਾ ਗਠਨ ਕੀਤਾ ਗਿਆ ਹੈ। ਕੋਂਧਵਾ ਥਾਣੇ ਦੇ ਇਕ ਹੋਰ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਇਕ ਸੁੰਨਸਾਨ ਜਗ?ਹਾ ’ਤੇ ਵਾਪਰੀ ਅਤੇ ਤਿੰਨਾਂ ਨੇ ਔਰਤ ਦੇ ਪੁਰਸ਼ ਦੋਸਤ ਨਾਲ ਕੁੱਟਮਾਰ ਵੀ ਕੀਤੀ। ਇਸ ਦੌਰਾਨ ਪੁਲਿਸ ਨੇ ਫੋਰੈਂਸਿਕ ਟੀਮ ਨੂੰ ਮੌਕੇ ’ਤੇ ਭੇਜਿਆ ਅਤੇ ਸੁਰਾਗ ਇਕੱਠੇ ਕਰਨ ਅਤੇ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਸਨੀਫਰ ਕੁੱਤਿਆਂ ਦੀ ਮਦਦ ਵੀ ਲਈ।
ਉਨ੍ਹਾਂ ਕਿਹਾ, ‘‘ਅਸੀਂ ਔਰਤ ਦੇ ਪੁਰਸ਼ ਦੋਸਤ ਵਲੋਂ ਦਿਤੇ ਗਏ ਵਰਣਨ ਦੇ ਆਧਾਰ ’ਤੇ ਦੋ ਸ਼ੱਕੀਆਂ ਦੇ ਸਕੈਚ ਤਿਆਰ ਕੀਤੇ ਹਨ।’’ ਪੁਲਿਸ ਨੇ ਤਿੰਨ ਮੋਬਾਈਲ ਫੋਨ ਨੰਬਰ (8691999689, 8275200947, 9307545045) ਮੁਹਈਆ ਕਰਵਾਏ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰਨ।