Jagdish Tytler News: ਪੁਲ ਬੰਗਸ ਗੁਰਦੁਆਰਾ ਕੇਸ ਪੀੜਤ ਦੀ ਪਤਨੀ ਨੇ ਜਗਦੀਸ਼ ਟਾਈਟਲਰ ਵਿਰੁਧ ਦਿਤੀ ਗਵਾਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Jagdish Tytler News: ਲਖਵਿੰਦਰ ਕੌਰ ਨੇ ਕਿਹਾ ਕਿ ਇਕ ਚਸ਼ਮਦੀਦ ਨੇ ਉਸ ਨੂੰ ਦਸਿਆ ਕਿ ਟਾਈਟਲਰ ਇਕ ਵਾਹਨ ਵਿਚ ਘਟਨਾ ਸਥਾਨ ’ਤੇ ਆਇਆ ਸੀ ਅਤੇ ਭੀੜ ਨੂੰ ਭੜਕਾਇਆ ਸੀ

The wife of the Pul Bangas Gurdwara case victim testified against Jagdish Tytler

 The wife of the Pul Bangas Gurdwara case victim testified against Jagdish Tytler: 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਉੱਤਰੀ ਦਿੱਲੀ ਦੇ ਪੁਲ ਬੰਗਸ਼ ਗੁਰਦੁਆਰਾ ਮਾਮਲੇ ਵਿਚ ਪੀੜਤ ਦੀ ਪਤਨੀ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਵਿਰੁਧ ਦਿੱਲੀ ਦੀ ਇਕ ਅਦਾਲਤ ਵਿਚ ਗਵਾਹੀ ਦਿਤੀ। ਸਪੈਸ਼ਲ ਜੱਜ ਰਾਕੇਸ਼ ਸਿਆਲ ਨੇ ਬਾਦਲ ਸਿੰਘ ਦੀ ਪਤਨੀ ਲਖਵਿੰਦਰ ਕੌਰ ਦੇ ਬਿਆਨ ਦਰਜ ਕੀਤੇ। ਬਾਦਲ ਸਿੰਘ ਉਨ੍ਹਾਂ ਤਿੰਨ ਵਿਅਕਤੀਆਂ ਵਿਚੋਂ ਇਕ ਸੀ ਜਿਨ੍ਹਾਂ ਨੂੰ ਦੰਗਿਆਂ ਦੌਰਾਨ ਗੁਰਦੁਆਰੇ ਨੂੰ ਅੱਗ ਲਾਉਣ ਵਾਲੀ ਭੀੜ ਨੇ ਮਾਰ ਦਿਤਾ ਸੀ।

ਅਪਣੇ ਬਿਆਨ ਵਿਚ ਲਖਵਿੰਦਰ ਕੌਰ ਨੇ ਕਿਹਾ ਕਿ ਇਕ ਚਸ਼ਮਦੀਦ ਨੇ ਉਸ ਨੂੰ ਦਸਿਆ ਕਿ ਟਾਈਟਲਰ ਇਕ ਵਾਹਨ ਵਿਚ ਘਟਨਾ ਸਥਾਨ ’ਤੇ ਆਇਆ ਸੀ ਅਤੇ ਭੀੜ ਨੂੰ ਭੜਕਾਇਆ ਸੀ। ਉਸ ਨੇ ਅਦਾਲਤ ਨੂੰ ਦਸਿਆ ਕਿ 2008 ਵਿਚ ਉਹ ਗੁਰਦੁਆਰੇ ਵਿਚ ਗ੍ਰੰਥੀ ਵਜੋਂ ਕੰਮ ਕਰਨ ਵਾਲੇ ਸੁਰਿੰਦਰ ਸਿੰਘ ਗ੍ਰੰਥੀ ਨੂੰ ਮਿਲੀ, ਜਿਸ ਨੇ ਉਸ ਨੂੰ ਘਟਨਾ ਬਾਰੇ ਦਸਿਆ।  ਉਸ ਨੇ ਅਦਾਲਤ ਨੂੰ ਦਸਿਆ, “ਸੁਰਿੰਦਰ ਸਿੰਘ ਨੇ ਮੈਨੂੰ ਦਸਿਆ ਕਿ ਉਸ ਨੇ ਘਟਨਾ ਨੂੰ ਗੁਰਦੁਆਰੇ ਦੀ ਛੱਤ ਤੋਂ ਦੇਖਿਆ ਸੀ। ਉਸ ਨੇ ਦਸਿਆ ਕਿ ਉਸ ਨੇ ਮੇਰੇ ਪਤੀ ਬਾਦਲ ਸਿੰਘ ਨੂੰ ਗੁਰਦੁਆਰੇ ਤੋਂ ਬਾਹਰ ਆਉਂਦੇ ਦੇਖਿਆ ਤਾਂ ਭੀੜ ਨੇ ਉਸ ’ਤੇ ਹਮਲਾ ਕਰ ਦਿਤਾ ਅਤੇ ਉਸ ਦੀ  ਕਿਰਪਾਨ ਲਾਹ ਕੇ ਉਸ ਨੂੰ ਮਾਰ ਦਿਤਾ। ਉਸਨੇ ਮੈਨੂੰ ਇਹ ਵੀ ਦਸਿਆ ਕਿ ਟਾਈਟਲਰ ਇਕ ਗੱਡੀ ਵਿਚ ਮੌਕੇ ’ਤੇ ਆਇਆ ਸੀ ਅਤੇ ਉੱਥੇ ਸਾਰਿਆਂ ਨੂੰ ਇਕੱਠਾ ਕੀਤਾ ਸੀ।

ਉਸ ਨੇ ਕਿਹਾ ਕਿ ਸੁਰਿੰਦਰ ਸਿੰਘ ਨੇ ਉਸ ਨੂੰ ਦਸਿਆ ਕਿ ਭੀੜ ਨੇ ਟਾਈਟਲਰ ਵਲੋਂ ਭੜਕਾਈ ਹਿੰਸਾ ਦਾ ਸਹਾਰਾ ਲਿਆ ਅਤੇ ਉਸ ਦੇ ਪਤੀ ਦੀ ਹਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਇਕ ਗੱਡੀ ਵਿਚ ਰੱਖ ਕੇ ਉਸ ’ਤੇ ਬਲਦਾ ਟਾਇਰ ਪਾ ਦਿਤਾ ਗਿਆ ਅਤੇ ਉਸ ਨੂੰ ਸਾੜ ਦਿਤਾ ਗਿਆ। ਉਸ ਨੇ ਦਸਿਆ ਕਿ ਇਸ ਤੋਂ ਬਾਅਦ ਉਸ ਨੇ ਜਾਂਚ ਲਈ ਅਦਾਲਤ ਤਕ ਪਹੁੰਚ ਕੀਤੀ।

ਟਾਈਟਲਰ ਦੇ ਵਕੀਲ ਨੇ ਇਸ ਬਿਆਨ ਦਾ ਵਿਰੋਧ ਕਰਦਿਆਂ ਕਿਹਾ ਕਿ ਗ੍ਰੰਥੀ ਦਾ ਬਿਆਨ ਅਫ਼ਵਾਹ ਹੈ ਅਤੇ ਸਬੂਤ ਵਜੋਂ ਸਵੀਕਾਰਯੋਗ ਨਹੀਂ ਹੈ। ਅਦਾਲਤ ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਕੇਸ ਦੀ ਸੁਣਵਾਈ 15 ਅਕਤੂਬਰ ਤਕ ਮੁਲਤਵੀ ਕਰ ਦਿਤੀ ਹੈ।        (ਏਜੰਸੀ)