Child Marriage Cases News: ਭਾਰਤ ਵਿਚ ਛੇ ਗੁਣਾ ਵਧੇ ਬਾਲ ਵਿਆਹ ਦੇ ਮਾਮਲੇ, 17,000 ਕੁੜੀਆਂ ਨੂੰ ‘ਵਿਆਹ' ਲਈ ਕੀਤਾ ਗਿਆ ਅਗ਼ਵਾ
Child Marriage Cases News: 90 ਪ੍ਰਤੀਸ਼ਤ ਮਾਮਲੇ ਇਕੱਲੇ ਅਸਾਮ ਤੋਂ ਸਾਹਮਣੇ ਆਏ
Child marriage cases increase six-fold in India: ਦੇਸ਼ ਵਿਚ ਬਾਲ ਵਿਆਹ ਰੋਕੂ ਕਾਨੂੰਨ ਤਹਿਤ 2023 ਵਿਚ ਉਸ ਦੇ ਪਿਛਲੇ ਸਾਲ ਦੇ ਮੁਕਾਬਲੇ ਛੇ ਗੁਣਾ ਜ਼ਿਆਦਾ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿਚੋਂ ਲਗਭਗ 90 ਪ੍ਰਤੀਸ਼ਤ ਮਾਮਲੇ ਇਕੱਲੇ ਅਸਾਮ ਤੋਂ ਆਏ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਨੇ ਅਪਣੇ ਤਾਜ਼ਾ ਅੰਕੜਿਆਂ ਵਿਚ ਇਹ ਪ੍ਰਗਟਾਵਾ ਕੀਤਾ ਹੈ।
ਬਿਊਰੋ ਨੇ ਇਹ ਵੀ ਪ੍ਰਗਟਾਵਾ ਕੀਤਾ ਹੈ ਕਿ 2023 ਵਿਚ 16,737 ਕੁੜੀਆਂ ਅਤੇ 129 ਮੁੰਡਿਆਂ ਨੂੰ ‘ਵਿਆਹ ਲਈ’ ਅਗਵਾ ਕੀਤਾ ਗਿਆ ਸੀ। ਐਨਸੀਆਰਬੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2023 ਵਿਚ ਐਕਟ ਤਹਿਤ 6,038 ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ 2022 ਵਿਚ 1,002 ਅਤੇ 2021 ਵਿਚ 1,050 ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ ਵਿਚੋਂ ਅਸਾਮ ਵਿਚ 5,267 ਮਾਮਲੇ ਦਰਜ ਹੋਏ, ਜਿਸ ਨਾਲ ਇਹ ਅਜਿਹੇ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ ਵਾਲਾ ਰਾਜ ਬਣ ਗਿਆ। ਸੂਚੀ ਵਿਚ ਉੱਚ ਨੰਬਰ ਵਾਲੇ ਹੋਰ ਰਾਜ ਤਾਮਿਲਨਾਡੂ (174), ਕਰਨਾਟਕ (145), ਅਤੇ ਪੱਛਮੀ ਬੰਗਾਲ (118) ਹਨ।
ਹਾਲਾਂਕਿ, ਛੱਤੀਸਗੜ੍ਹ, ਨਾਗਾਲੈਂਡ, ਲੱਦਾਖ਼ ਅਤੇ ਲਕਸ਼ਦੀਪ ਵਰਗੇ ਕਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਇਸ ਸਮੇਂ ਦੌਰਾਨ ਬਾਲ ਵਿਆਹ ਮਨਾਹੀ ਐਕਟ ਦੇ ਤਹਿਤ ਕੋਈ ਕੇਸ ਦਰਜ ਨਹੀਂ ਕੀਤਾ। ਬਾਲ ਵਿਆਹ ਰੋਕੂ ਕਾਨੂੰਨ 2006 ਵਿਚ ਬਣਿਆ ਸੀ ਜੋ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਅਤੇ 21 ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਦੇ ਵਿਆਹ ’ਤੇ ਪਾਬੰਦੀ ਲਗਾਉਂਦਾ ਹੈ ਅਤੇ ਅਜਿਹੇ ਵਿਆਹਾਂ ਦਾ ਆਯੋਜਨ, ਸੰਚਾਲਨ ਜਾਂ ਸਹੂਲਤ ਦੇਣ ਵਾਲਿਆਂ ਨੂੰ ਅਪਰਾਧੀ ਦੀ ਸ਼ੇ੍ਰਣੀ ਵਿਚ ਪਾਉਂਦਾ ਹੈ। (ਏਜੰਸੀ)