ਅੱਜ ਤੋਂ ਤਿੰਨ ਲਈ ਨੇਪਾਲ ਦੌਰੇ 'ਤੇ ਫੌਜ ਮੁਖੀ, ਆਖਰੀ ਦਿਨ ਹੋਵੇਗੀ ਪੀਐਮ ਓਲ਼ੀ ਨਾਲ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੇਪਾਲ ਦੇ ਫੌਜ ਮੁਖੀ ਜਨਰਲ ਪੂਰਨਚੰਦਰ ਥਾਪਾ ਦੇ ਅਧਿਕਾਰਤ ਸੱਦੇ 'ਤੇ ਨੇਪਾਲ ਜਾਣਗੇ ਜਨਰਲ ਮਨੋਜ ਮੁਕੰਦ ਨਰਵਾਨ

Army Chief Gen Manoj Mukund Naravane

ਨਵੀਂ ਦਿੱਲੀ: ਭਾਰਤੀ ਫੌਜ ਦੇ ਮੁਖੀ ਮਨੋਜ ਮੁਕੰਦ ਨਰਵਾਨ ਅੱਜ ਤੋਂ ਤਿੰਨ ਦਿਨਾਂ ਦੇ ਦੌਰੇ ਲਈ ਨੇਪਾਲ ਜਾ ਰਹੇ ਹਨ। ਕਾਠਮੰਡੂ ਵਿਚ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਫੌਜ ਮੁਖੀ ਦੀ ਨੇਪਾਲ ਫੇਰੀ ਦੋਵੇਂ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ ਦੋਸਤੀ ਦੇ ਲੰਮੇ ਸਮੇਂ ਤੋਂ ਬਣੇ ਆ ਰਹੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ। 

ਫੌਜ ਮੁਖੀ ਦਾ ਇਹ ਦੌਰਾ ਦੁਵੱਲੀ ਰੱਖਿਆ ਭਾਈਵਾਲੀ ਨੂੰ ਹੋਰ ਮਜ਼ਬੂਤ ​ਕਰਨ ਦੇ ਤਰੀਕੇ ਲੱਭਣ ਦਾ ਮੌਕਾ ਵੀ ਪ੍ਰਦਾਨ ਕਰੇਗਾ। ਦੱਸ ਦਈਏ ਕਿ ਜਨਰਲ ਨਰਵਾਨ ਨੇਪਾਲ ਦੇ ਫੌਜ ਮੁਖੀ ਜਨਰਲ ਪੂਰਨਚੰਦਰ ਥਾਪਾ ਦੇ ਅਧਿਕਾਰਤ ਸੱਦੇ 'ਤੇ ਨੇਪਾਲ ਦਾ ਦੌਰਾ ਕਰ ਰਹੇ ਹਨ।

ਭਾਰਤੀ ਦੂਤਾਵਾਸ ਦੇ ਬੁਲਾਰੇ ਨਵੀਨ ਕੁਮਾਰ ਨੇ ਕਿਹਾ ਕਿ ਜਨਰਲ ਨਰਵਾਨਾ ਦਾ ਦੌਰਾ ਦੋਵੇਂ ਸੈਨਾਵਾਂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਅਤੇ ਰਵਾਇਤੀ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ।  ਫੌਜ ਮੁਖੀ 4 ਨਵੰਬਰ ਤੋਂ ਲੈ ਕੇ 6 ਨਵੰਬਰ ਤੱਕ ਨੇਪਾਲ ਦੌਰੇ 'ਤੇ ਹੋਣਗੇ। ਇਸ ਦੌਰਾਨ ਉਹ ਨੇਪਾਲ ਦੇ ਫੌਜ ਮੁਖੀ ਜਨਰਲ ਪੂਰਨਚੰਦਰ ਥਾਪਾ ਅਤੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕਰਨਗੇ।

ਇਸ ਤੋਂ ਇਲਾਵਾ ਅਪਣੇ ਦੌਰੇ ਦੇ ਆਖਰੀ ਦਿਨ ਉਹ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਵੀ ਕਰਨਗੇ। ਦੱਸ ਦਈਏ ਕਿ ਭਾਰਤੀ ਫੌਜ ਮੁਖੀ ਨੇ ਅਪਣੀ ਨੇਪਾਲ ਯਾਤਰਾ ਤੋਂ ਇਕ ਦਿਨ ਪਹਿਲਾਂ ਕਿਹਾ ਸੀ ਕਿ “ ਮੈਂ ਨੇਪਾਲ ਦੌਰੇ 'ਤੇ ਜਾਣ ਕਾਰਨ ਖੁਸ਼ ਹਾਂ ਅਤੇ ਮੈਂ ਉਥੇ ਅਪਣੇ ਹਮਰੁਤਬਾ ਜਨਰਲ ਪੂਰਨਚੰਦਰ ਥਾਮਾ ਨੂੰ ਮਿਲਾਂਗਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਮੁਲਾਕਾਤ ਦੋਵਾਂ ਸੈਨਾਵਾਂ ਦੀ ਦੋਸਤੀ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਵੇਗੀ। ”