ਇਮਰਾਨ ਖ਼ਾਨ 'ਤੇ ਹਮਲਾ ਕਰਨ ਵਾਲੇ ਦਾ ਕਬੂਲਨਾਮਾ ਜਨਤਕ ਕਰਨ 'ਤੇ ਪੁਲਿਸ ਅਧਿਕਾਰੀ ਮੁਅੱਤਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਬੀਤੇ ਦਿਨੀਂ ਇਮਰਾਨ ਖ਼ਾਨ 'ਤੇ ਹਮਲਾ ਕੀਤਾ ਗਿਆ ਸੀ

Cops suspended for leaking Imran Khan's attacker confession

 

ਲਾਹੌਰ - ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਹੋਏ ਹਮਲੇ ਤੋਂ ਬਾਅਦ ਇਕ ਸ਼ੱਕੀ ਹਮਲਾਵਰ ਦਾ ਇਕਬਾਲੀਆ ਬਿਆਨ ਜਨਤਕ ਕਰਨ 'ਤੇ ਇਕ ਪੁਲਿਸ ਕਰਮਚਾਰੀ ਸਮੇਤ ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਹੁਣ ਖ਼ਤਰੇ ਤੋਂ ਬਾਹਰ ਹਨ। ਦੱਸ ਦਈਏ ਕਿ ਵੀਰਵਾਰ ਨੂੰ ਪੰਜਾਬ ਸੂਬੇ ਵਿਚ ਇੱਕ ਰੋਸ ਮਾਰਚ ਦੌਰਾਨ ਉਨ੍ਹਾਂ ਦੇ ਕੰਟੇਨਰ-ਟਰੱਕ 'ਤੇ ਹਮਲਾ ਕੀਤਾ ਗਿਆ, ਜਿਸ ਵਿਚ ਉਨ੍ਹਾਂ ਦੀ ਲੱਤ ਵਿਚ ਗੋਲੀ ਲੱਗੀ।

ਹਮਲੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ, ਖਾਨ ਦੀ (70) ਪਾਰਟੀ ਨੇ ਦਾਅਵਾ ਕੀਤਾ ਕਿ ਇਹ "ਕਤਲ ਦੀ ਕੋਸ਼ਿਸ਼" ਸੀ। ਏਆਰਵਾਈ ਨਿਊਜ਼ ਨੇ ਵੀਰਵਾਰ ਨੂੰ ਇਕ ਖ਼ਬਰ ਵਿਚ ਕਿਹਾ ਕਿ ਪੰਜਾਬ ਸੂਬੇ ਦੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਨੇ 'ਹਕੀਕੀ ਆਜ਼ਾਦੀ ਮਾਰਚ' ਦੌਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੁਖੀ ਇਮਰਾਨ ਖਾਨ 'ਤੇ ਹਮਲਾ ਕਰਨ ਵਾਲੇ ਸ਼ੱਕੀ ਦੇ ਇਕਬਾਲੀਆ ਬਿਆਨ ਨੂੰ ਜਨਤਕ ਕੀਤਾ ਹੈ। 

ਰਿਪੋਰਟਾਂ ਅਨੁਸਾਰ ਇਲਾਹੀ ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ (ਆਈਜੀ) ਨੂੰ ਅਧਿਕਾਰੀਆਂ ਦੇ ਗੈਰ-ਜ਼ਿੰਮੇਵਾਰਾਨਾ ਰਵੱਈਏ ਲਈ ਅਨੁਸ਼ਾਸਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਸ਼ੱਕੀ ਦੇ ਇਕਬਾਲੀਆ ਬਿਆਨ ਦੇ ਲੀਕ ਹੋਣ ਤੋਂ ਬਾਅਦ, ਥਾਣਾ ਇੰਚਾਰਜ (ਐਸਐਚਓ) ਅਤੇ ਸਬੰਧਤ ਥਾਣੇ ਦੇ ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇੱਕ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਸਟੇਸ਼ਨ ਸਟਾਫ਼ ਦੇ ਸਾਰੇ ਮੋਬਾਈਲ ਫ਼ੋਨ ਜ਼ਬਤ ਕਰ ਲਏ ਗਏ ਹਨ ਅਤੇ ਉਨ੍ਹਾਂ ਨੂੰ ਫੋਰੈਂਸਿਕ ਆਡਿਟ ਲਈ ਭੇਜਿਆ ਜਾਵੇਗਾ। ਇਲਾਹੀ ਨੇ ਸ਼ੱਕੀ ਹਮਲਾਵਰ ਦਾ ਵੀਡੀਓ ਜਨਤਕ ਹੋਣ 'ਤੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਇੰਸਪੈਕਟਰ ਜਨਰਲ ਆਫ ਪੁਲਿਸ (ਪੰਜਾਬ) ਨੂੰ ਖਾਨ 'ਤੇ ਹਮਲੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।