Uttarakhand News: ਉੱਤਰਾਖੰਡ 'ਚ ਵੱਡਾ ਹਾਦਸਾ, ਖੱਡ 'ਚ ਡਿੱਗੀ ਬੱਸ, 36 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Uttarakhand News: ਰਾਹਤ ਅਤੇ ਬਚਾਅ ਦਾ ਕੰਮ ਜਾਰੀ

Almora Uttarakhand bus Accident news

Almora Uttarakhand bus Accident news:  ਉੱਤਰਾਖੰਡ ਦੇ ਅਲਮੋੜਾ 'ਚ ਸੋਮਵਾਰ ਸਵੇਰੇ 8 ਵਜੇ ਇਕ ਯਾਤਰੀ ਬੱਸ 150 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ 36 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਅਲਮੋੜਾ ਦੇ ਕੁਪੀ ਨੇੜੇ ਵਾਪਰਿਆ। ਬੱਸ ਵਿੱਚ 42 ਯਾਤਰੀ ਸਵਾਰ ਸਨ। ਪੁਲਿਸ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।

ਕੁਮਾਉਂ ਡਿਵੀਜ਼ਨ ਦੇ ਕਮਿਸ਼ਨਰ ਦੀਪਕ ਰਾਵਤ ਨੇ ਕਿਹਾ, 'ਹਾਦਸੇ ਵਿੱਚ 36 ਯਾਤਰੀਆਂ ਦੀ ਮੌਤ ਹੋ ਗਈ ਹੈ।' ਬੱਸ ਨਦੀ ਤੋਂ ਕਰੀਬ 10 ਫੁੱਟ ਅੱਗੇ ਇੱਕ ਦਰੱਖਤ ਵਿੱਚ ਫਸ ਕੇ ਰੁਕ ਗਈ। ਖੱਡ 'ਚ ਡਿੱਗਦੇ ਸਮੇਂ ਝਟਕੇ ਕਾਰਨ ਕਈ ਯਾਤਰੀ ਖਿੜਕੀਆਂ 'ਚੋਂ ਬਾਹਰ ਡਿੱਗ ਗਏ। ਬੱਸ ਕਿਨਾਥ ਤੋਂ ਰਾਮਨਗਰ ਜਾ ਰਹੀ ਸੀ।

ਆਫਤ ਪ੍ਰਬੰਧਨ ਅਧਿਕਾਰੀ ਵਿਨੀਤ ਪਾਲ ਨੇ ਦੱਸਿਆ, 'ਸਾਲਟ ਅਤੇ ਰਾਨੀਖੇਤ ਤੋਂ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਸੀ। 28 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 8 ਲੋਕਾਂ ਦੀ ਹਸਪਤਾਲ 'ਚ ਮੌਤ ਹੋ ਗਈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।

ਮੁੱਖ ਮੰਤਰੀ ਵਲੋਂ ਮਿ੍ਤਕਾਂ ਤੇ ਜ਼ਖ਼ਮੀਆਂ ਲਈ ਆਰਥਿਕ ਮਦਦ ਦਾ ਐਲਾਨ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅਲਮੋੜਾ ਬੱਸ ਹਾਦਸੇ ਵਿਚ ਪੌੜੀ ਅਤੇ ਅਲਮੋੜਾ ਦੇ ਸੰਬੰਧਿਤ ਖੇਤਰ ਦੇ ਏ.ਆਰ.ਟੀ.ਓ. ਇਨਫੋਰਸਮੈਂਟ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 1-1 ਲੱਖ ਰੁਪਏ ਦੀ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਕੁਮਾਉਂ ਡਿਵੀਜ਼ਨ ਦੇ ਕਮਿਸ਼ਨਰ ਨੂੰ ਘਟਨਾ ਦੀ ਮੈਜਿਸਟਰੇਟ ਜਾਂਚ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।

ਪ੍ਰਧਾਨ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ
 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਸ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਇਸ ਹਾਦਸੇ ਵਿਚ ਜਿਨ੍ਹਾਂ ਨੇ ਆਪਣਿਆਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਪ੍ਰਤੀ ਮੇਰੀਆਂ ਸੰਵੇਦਨਾਵਾਂ ਹਨ ਤੇ ਮੈਂ ਜ਼ਖ਼ਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਇਸ ਦੇ ਨਾਲ ਹੀ ਇਸ ਹਾਦਸੇ ਵਿਚ ਮਾਰੇ ਗਏ ਹਰੇਕ ਵਿਅਕਤੀ ਦੇ ਵਾਰਸਾਂ ਲਈ ਪ੍ਰਧਾਨ ਮੰਤਰੀ ਰਾਹਤ ਕੋਸ਼ ਫ਼ੰਡ ਵਿਚੋਂ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣ ਦਾ ਵੀ ਐਲਾਨ ਦਿੱਤਾ ਗਿਆ ਹੈ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਸਾਂਝੀ ਕੀਤੀ ਗਈ।