ਦਿੱਲੀ ਦੀ ਅਦਾਲਤ ਨੇ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਵਿਰੁਧ ਸਪਲੀਮੈਂਟਰੀ ਚਾਰਜਸ਼ੀਟ ਵਿਚਾਰਨ ਲਈ ਸੂਚੀਬੱਧ ਕੀਤੀ
ਈ.ਡੀ. ਨੇ 29 ਅਕਤੂਬਰ ਨੂੰ ਦੋਸ਼ ਪੱਤਰ ਦਾਇਰ ਕੀਤਾ ਸੀ
ਨਵੀਂ ਦਿੱਲੀ : ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ ਖਾਨ ਵਿਰੁਧ ਸਪਲੀਮੈਂਟਰੀ ਚਾਰਜਸ਼ੀਟ ’ਤੇ 6 ਨਵੰਬਰ ਨੂੰ ਵਿਚਾਰ ਕਰਨ ਦੀ ਤਰੀਕ ਤੈਅ ਕੀਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 29 ਅਕਤੂਬਰ ਨੂੰ ਦੋਸ਼ ਪੱਤਰ ਦਾਇਰ ਕੀਤਾ ਸੀ, ਜਿਸ ’ਚ ਓਖਲਾ ’ਚ 1,200 ਵਰਗ ਗਜ਼ ਦੇ ਪਲਾਟ ਨੂੰ 36 ਕਰੋੜ ਰੁਪਏ ’ਚ ਖਰੀਦਣ ’ਚ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦਾ ਦੋਸ਼ ਲਗਾਇਆ ਗਿਆ ਸੀ। ਖਾਨ ਨੂੰ 2 ਸਤੰਬਰ, 2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੀ ਨਿਯਮਤ ਜ਼ਮਾਨਤ 7 ਨਵੰਬਰ ਨੂੰ ਰਾਊਜ਼ ਐਵੇਨਿਊ ਅਦਾਲਤ ’ਚ ਵਿਚਾਰ ਅਧੀਨ ਹੈ।
ਈ.ਡੀ. ਦਾ ਦਾਅਵਾ ਹੈ ਕਿ ਖਾਨ ਮੁੱਖ ਦੋਸ਼ੀ ਹੈ, ਜਿਸ ਨੇ ਜ਼ਮੀਨ ਖਰੀਦ ਕੇ ਕਾਲੇ ਧਨ ਨਾਲ ਪ੍ਰਾਪਤ ਕੀਤੀ ਆਮਦਨ ਨੂੰ ਚਿੱਟਾ ਕੀਤਾ ਹੈ। ਦੋਸ਼ਾਂ ’ਚ ਜਾਇਦਾਦ ਨੂੰ ਅਸਲ 36 ਕਰੋੜ ਰੁਪਏ ਦੀ ਬਜਾਏ 13.4 ਕਰੋੜ ਰੁਪਏ ’ਚ ਵੇਚਣ ਅਤੇ 27 ਕਰੋੜ ਰੁਪਏ ਨਕਦ ਅਦਾ ਕਰਨ ਦਾ ਸਮਝੌਤਾ ਕਰਨਾ ਸ਼ਾਮਲ ਹੈ। ਈ.ਡੀ. ਨੇ ਖਾਨ ਅਤੇ ਹੋਰ ਮੁਲਜ਼ਮਾਂ ਦਰਮਿਆਨ ਉੱਚ ਮੁੱਲ ਦੇ ਲੈਣ-ਦੇਣ ਨੂੰ ਦਰਸਾਉਂਦੀਆਂ ਡਾਇਰੀਆਂ ਵੀ ਬਰਾਮਦ ਕੀਤੀਆਂ ਹਨ। ਇਸ ਮਾਮਲੇ ’ਚ ਦਿੱਲੀ ਵਕਫ ਬੋਰਡ ’ਚ ਕਥਿਤ ਬੇਨਿਯਮੀਆਂ, 100 ਕਰੋੜ ਰੁਪਏ ਦੀ ਦੁਰਵਰਤੋਂ ਅਤੇ ਵਿਅਕਤੀਆਂ ਨੂੰ ਨੌਕਰੀ ਦੇਣ ਦਾ ਪ੍ਰਬੰਧ ਸ਼ਾਮਲ ਹੈ। ਕਥਿਤ ਤੌਰ ’ਤੇ ਦਿੱਲੀ, ਤੇਲੰਗਾਨਾ ਅਤੇ ਉਤਰਾਖੰਡ ’ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਕਮਾਏ ਧਨ ਦੀ ਵਰਤੋਂ ਕਰ ਕੇ ਜਾਇਦਾਦਾਂ ਹਾਸਲ ਕੀਤੀਆਂ ਗਈਆਂ ਸਨ।