ਭਾਰਤ ’ਚ ਕਾਰਪੋਰੇਟ ਸਮਝੌਤੇ ਛੇ ਤਿਮਾਹੀਆਂ ਦੌਰਾਨ ਸਭ ਤੋਂ ਉੱਚ ਪੱਧਰ ’ਤੇ ਪਹੁੰਚੇ
ਜੁਲਾਈ-ਸਤੰਬਰ ਤਿਮਾਹੀ ’ਚ 999 ਸੌਦਿਆਂ ’ਚ ਹੋਇਆ 44.3 ਅਰਬ ਡਾਲਰ ਦਾ ਲੈਣ-ਦੇਣ
ਨਵੀਂ ਦਿੱਲੀ : ਦੇਸ਼ ਦਾ ਕਾਰੋਬਾਰੀ ਮਾਹੌਲ ਕਿੰਨੀ ਤੇਜੀ ਨਾਲ ਬਦਲ ਰਿਹਾ ਹੈ ਅਤੇ ਕਾਰੋਬਾਰ ਨੂੰ ਇਸ ਦਾ ਕਿੰਨਾ ਫਾਇਦਾ ਹੋਇਆ ਇਸ ਦਾ ਅੰਦਾਜ਼ਾ ਤੁਸੀਂ ਇਕ ਅੰਕੜੇ ਤੋਂ ਲਗਾ ਸਕਦੇ ਹੋ। ਦੇਸ਼ ’ਚ ਇਸ ਸਾਲ ਜੁਲਾਈ-ਸਤੰਬਰ ਤਿਮਾਹੀ ’ਚ 44.3 ਅਰਬ ਡਾਲਰ (ਲਗਭਗ 4 ਲੱਖ ਕਰੋੜ ਰੁਪਏ) ਮੁੱਲ ਦੇ 999 ਸੌਦੇ ਕੀਤੇ ਗਏ। ਜੋ ਮਾਤਰਾ ਦੇ ਹਿਸਾਬ ਨਾਲ 13 ਪ੍ਰਤੀਸ਼ਤ ਅਤੇ ਪਿਛਲੀ ਤਿਮਾਹੀ ਦੀ ਤੁਲਨਾ ’ਚ 64 ਫ਼ੀ ਸਦੀ ਜ਼ਿਆਦਾ ਹੈ। ਪੀ.ਡਬਲਿਊ.ਸੀ. ਇੰਡੀਆ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਪੀ. ਡਬਲਿਊ. ਸੀ. ਇੰਡੀਆ ਨੇ ਦੱਸਿਆ ਕਿ ਇਸ ਸਾਲ ਦੀ ਦੂਜੀ ਤਿਮਾਹੀ ’ਚ 27 ਅਰਬ ਡਾਲਰ ਦੇ 887 ਸੌਦੇ ਹੋਏ ਸਨ। ਰਲੇਵੇਂ ਅਤੇ ਪ੍ਰਾਪਤੀਆਂ ਸਮੇਤ ਤਾਜ਼ਾ ਸੌਦਿਆਂ ’ਤੇ ਜਾਰੀ ਰਿਪੋਰਟ ਅਨੁਸਾਰ ਭਾਰਤ ਦੇ ਸੌਦਾ ਬਾਜ਼ਾਰ ਨੇ ਕੈਲੰਡਰ ਸਾਲ 2025 ਦੀ ਤੀਜੀ ਤਿਮਾਹੀ ’ਚ ਆਪਣੀ ਵਿਕਾਸ ਦਰ ਬਣਾਈ ਰੱਖੀ। ਪਿਛਲੀਆਂ ਛੇ ਤਿਮਾਹੀਆਂ ’ਚ ਆਪਣਾ ਸਭ ਤੋਂ ਮਜ਼ਬੂਤ ਪ੍ਰਦਰਸ਼ਨ ਦਰਜ ਕੀਤਾ। ਰਲੇਵੇਂ ਅਤੇ ਪ੍ਰਾਪਤੀਆਂ ਨੇ ਬਾਜ਼ਾਰ ਗਤੀਵਿਧੀਆਂ ਨੂੰ ਅੱਗੇ ਵਧਾਇਆ, ਇਸ ਦੌਰਾਨ 28.4 ਅਰਬ ਡਾਲਰ ਮੁੱਲ ਦੇ 518 ਸੌਦੇ ਹੋਏ, ਜੋ ਤਿਮਾਹੀ ਅਧਾਰ ’ਤੇ ਮੁੱਲ ’ਚ 80 ਪ੍ਰਤੀਸ਼ਤ ਅਤੇ ਮਾਤਰਾ ’ਚ 26 ਪ੍ਰਤੀਸ਼ਤ ਵੱਧ ਹਨ।
ਰਿਪੋਰਟ ਅਨੁਸਾਰ ਸਲਾਨਾ ਆਧਾਰ ’ਤੇ ਸੌਦਿਆਂ ਦੀ ਗਿਣਤੀ ’ਚ 64 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਜਦਕਿ ਕੁੱਲ ਰਲੇਵੇਂ ਅਤੇ ਪ੍ਰਾਪਤੀਆਂ ’ਚ 32 ਪ੍ਰਤੀਸ਼ਤ ਦਾ ਵਾਧਾ ਹੋਇਆ। ਇਹ ਘਰੇਲੂ ਬਾਜ਼ਾਰ ’ਚ ਏਕੀਕਰਨ ਅਤੇ ਸਰਹੱਦ ਪਾਰ ਵੱਲੋਂ ਦਿਖਾਈ ਦਿਲਚਸਪੀ ਨੂੰ ਦਰਸਾਉਂਦਾ ਹੈ।