ਵੋਟਰ ਸੂਚੀ ਦੀ ਸੋਧ ਮੁਹਿੰਮ ਅੱਜ ਤੋਂ ਹੋਵੇਗੀ ਸ਼ੁਰੂ
9 ਸੂਬਿਆਂ ਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਸ਼ੁਰੂ ਮੁਹਿੰਮ ਅਗਲੇ ਸਾਲ ਸੱਤ ਫ਼ਰਵਰੀ ਨੂੰ ਹੋਵੇਗੀ ਖ਼ਤਮ
ਨਵੀਂ ਦਿੱਲੀ : ਚੋਣ ਕਮਿਸ਼ਨ ਦੇ ਵੋਟਰ ਸੂਚੀ ਦੀ ਸਫ਼ਾਈ ਦਾ ਅਭਿਆਸ ਮੰਗਲਵਾਰ ਤੋਂ 9 ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਸ਼ੁਰੂ ਹੋ ਜਾਵੇਗਾ। 51 ਕਰੋੜ ਵੋਟਰਾਂ ਵਾਲੇ ਇਨ੍ਹਾਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਐਸ.ਆਈ.ਆਰ. 7 ਫ਼ਰਵਰੀ, 2026 ਨੂੰ ਅੰਤਮ ਵੋਟਰ ਸੂਚੀ ਦੇ ਪ੍ਰਕਾਸ਼ਨ ਨਾਲ ਸਮਾਪਤ ਹੋਵੇਗੀ।
ਬਿਹਾਰ ਤੋਂ ਬਾਅਦ ਇਹ ਐੱਸ.ਆਈ.ਆਰ. ਦਾ ਦੂਜਾ ਗੇੜ ਹੈ। ਲਗਭਗ 7.42 ਕਰੋੜ ਨਾਵਾਂ ਵਾਲੀ ਸੂਬੇ ਦੀ ਅੰਤਮ ਵੋਟਰ ਸੂਚੀ 30 ਸਤੰਬਰ ਨੂੰ ਪ੍ਰਕਾਸ਼ਤ ਕੀਤੀ ਗਈ ਸੀ। 12 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਅੰਡੇਮਾਨ ਅਤੇ ਨਿਕੋਬਾਰ ਟਾਪੂ, ਲਕਸ਼ਦੀਪ, ਛੱਤੀਸਗੜ੍ਹ, ਗੋਆ, ਗੁਜਰਾਤ, ਕੇਰਲ, ਮੱਧ ਪ੍ਰਦੇਸ਼, ਪੁਡੂਚੇਰੀ, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪਛਮੀ ਬੰਗਾਲ ਸ਼ਾਮਲ ਹਨ।
ਇਨ੍ਹਾਂ ’ਚ ਤਾਮਿਲਨਾਡੂ, ਪੁਡੂਚੇਰੀ, ਕੇਰਲ ਅਤੇ ਪਛਮੀ ਬੰਗਾਲ ’ਚ 2026 ’ਚ ਚੋਣਾਂ ਹੋਣਗੀਆਂ। ਇਕ ਹੋਰ ਸੂਬੇ ਅਸਾਮ ’ਚ ਜਿੱਥੇ 2026 ’ਚ ਚੋਣਾਂ ਹੋਣੀਆਂ ਹਨ, ਵੋਟਰ ਸੂਚੀਆਂ ’ਚ ਸੋਧ ਦਾ ਐਲਾਨ ਵੱਖਰੇ ਤੌਰ ਉਤੇ ਕੀਤਾ ਜਾਵੇਗਾ ਕਿਉਂਕਿ ਸੂਬੇ ’ਚ ਨਾਗਰਿਕਤਾ ਦੀ ਤਸਦੀਕ ਕਰਨ ਲਈ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਕੰਮ ਚੱਲ ਰਿਹਾ ਹੈ। ਨਾਲ ਹੀ, ਅਸਾਮ ਵਿਚ ਨਾਗਰਿਕਤਾ ਐਕਟ ਦੀ ਇਕ ਵੱਖਰੀ ਵਿਵਸਥਾ ਲਾਗੂ ਸੀ।