ਦਿੱਲੀ ਦੇ ਆਸ਼ਰਮ ‘ਚੋਂ 9 ਲੜਕੀਆਂ ਗਾਇਬ, 2 ਅਧਿਕਾਰੀ ਸਸਪੈਂਡ
ਦਿੱਲੀ ਦੇ ਸੰਸਕਾਰ ਆਸ਼ਰਮ ਫਾਰ ਗਰਲਸ (ਐਸ.ਏ.ਜੀ) ਤੋਂ 9 ਲੜਕੀਆਂ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਆਸ਼ਰਮ ਤੋਂ ਬੱਚੀਆਂ ਦੇ ਗਾਇਬ ਹੋਣ....
ਨਵੀਂ ਦਿੱਲੀ (ਭਾਸ਼ਾ): ਦਿੱਲੀ ਦੇ ਸੰਸਕਾਰ ਆਸ਼ਰਮ ਫਾਰ ਗਰਲਸ (ਐਸ.ਏ.ਜੀ) ਤੋਂ 9 ਲੜਕੀਆਂ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਆਸ਼ਰਮ ਤੋਂ ਬੱਚੀਆਂ ਦੇ ਗਾਇਬ ਹੋਣ ਦੀ ਜਾਣਕਾਰੀ ਦਿੱਲੀ ਮਹਿਲਾ ਕਮਿਸ਼ਨ ਨੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦਿਆ ਨੂੰ ਦਿਤੀ। ਅੱਜ ਸਵੇਰੇ 7 ਵਜੇ ਮਿਲੀ ਜਾਣਕਾਰੀ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਮੁੱਖ ਸਵਾਤੀ ਜੈਹਿੰਦ ਆਸ਼ਰਮ 'ਚ ਪਹੁੰਚੀ।
ਉਪ ਮੁੱਖ ਮੰਤਰੀ ਨੇ ਨਾਰਥ-ਈਸਟ ਜ਼ਿਲ੍ਹੇ ਦੀ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਅਫਸਰ ਅਤੇ ਆਸ਼ਰਮ ਦੇ ਸੁਪਰਡੈਂਟ ਨੂੰ ਸਸਪੈਂਡ ਕਰ ਦਿਤਾ। ਜੀਟੀਬੀ ਐਨਕਲੇਵ ਪੁਲਿਸ ਨੇ ਮਾਮਲੇ 'ਚ ਐਫਆਈਆਰ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਜੈਹਿੰਦ ਨੇ ਇਸ ਘਟਨਾ 'ਤੇ ਰੋਸ਼ ਜਤਾਉਂਦਿਆ ਮਾਮਲੇ ਦੀ ਜਾਂਚ ਕਰਾਇਮ ਬ੍ਰਾਂਚ ਤੋਂ ਕਰਾਉਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਮਾਮਲਾ ਇਕ ਦਸੰਬਰ ਦੀ ਰਾਤ ਦਾ ਹੈ।
ਦਿਲਸ਼ਾਦ ਗਾਰਡਨ ਸਥਿਤ ਸੰਸਕਾਰ ਆਸ਼ਰਮ ਤੋਂ 9 ਲੜਕੀਆਂ ਗਾਇਬ ਹੋ ਗਈਆਂ। ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਈ ਕਿ ਆਸ਼ਰਮ ਦੇ ਅਧਿਕਾਰੀਆਂ ਨੂੰ ਬੱਚੀਆਂ ਦੇ ਗਾਇਬ ਹੋਣ ਦੀ ਖ਼ਬਰ ਤੱਕ ਨਹੀਂ ਲੱਗੀ ਅਤੇ ਉਨ੍ਹਾਂ ਨੂੰ ਦੋ ਦਸੰਬਰ ਦੀ ਸਵੇਰੇ ਇਸ ਬਾਰੇ ਪਤਾ ਚੱਲਿਆ। ਇਸ ਮਾਮਲੇ 'ਚ ਜੀਟੀਬੀ ਐਨਕਲੇਵ ਪੁਲਿਸ ਥਾਣੇ 'ਚ 2 ਦਸੰਬਰ ਨੂੰ ਇਕ ਐਫਆਈਆਰ ਦਰਜ ਕੀਤੀ ਗਈ।
ਸਵਾਤੀ ਜੈਹਿੰਦ ਨੇ ਕਿਹਾ ਕਿ ਦਿੱਲੀ ਦੇ ਇਕ ਸਰਕਾਰੀ ਸ਼ੈਲਟਰ ਹੋਮ ਤੋਂ 9 ਲੜਕੀਆਂ ਦੇ ਗਾਇਬ ਹੋਣ ਦੀ ਘਟਨਾ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਜਿਸ 'ਚ ਕਈ ਲੜਕੀਆਂ ਉਹ ਹਨ ਜਿਨ੍ਹਾਂ ਨੂੰ ਮਹਿਲਾ ਕਮਿਸ਼ਨ ਨੇ ਵੱਖ-ਵੱਖ ਮਨੁੱਖ ਤਸਕਰਾਂ ਦੇ ਗਰੋਹ ਤੋਂ ਛਡਾਇਆ ਸੀ।
ਸਵਾਤੀ ਨੇ ਕਿਹਾ ਕਿ ਜੋ ਵੀ ਲੋਕ ਇਸ 'ਚ ਸ਼ਾਮਿਲ ਹਨ, ਉਨ੍ਹਾਂ ਨੂੰ ਫੜਿਆ ਜਾਵੇ ਅਤੇ ਲੜਕੀਆਂ ਦੀ ਭਾਲ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਤੀ ਹਾਵੇ।
ਉਨ੍ਹਾਂ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਮਹਿਲਾ ਕਮਿਸ਼ਨ ਜਾਨ 'ਤੇ ਖੇਡਕੇ ਬੱਚੀਆਂ ਨੂੰ ਮਨੁੱਖੀ ਤਸਕਰਾਂ ਦੇ ਗਰੋਹ ਤੋਂ ਛਡਾਉਂਦੀ ਹੈ ਅਤੇ ਕੁੱਝ ਅਧਿਕਾਰੀ ਅਤੇ ਲੋਕ ਇਨ੍ਹਾਂ ਨੂੰ ਵਾਪਸ ਮਨੁੱਖੀ ਤਸਕਰੀ ਦੇ ਦਲਦਲ 'ਚ ਧੱਕ ਦਿੰਦੇ ਹਨ। ਦਿੱਲੀ ਮਹਿਲਾ ਕਮਿਸ਼ਨ ਦਾ ਕਹਿਣਾ ਹੈ ਕਿ ਇਨ੍ਹਾਂ 9 ਲੜਕੀਆਂ ਨੂੰ ਬਾਲ ਕਲਿਆਣ ਕਮੇਟੀ-7 ਦੇ ਆਦੇਸ਼ 'ਤੇ 4 ਮਈ 2018 ਨੂੰ ਦਵਾਰਕਾ ਦੇ ਇਕ ਸ਼ੈਲਟਰ ਹੋਮ ਤੋਂ ਸੰਸਕਾਰ ਆਸ਼ਰਮ ਫਾਰ ਗਰਲਸ 'ਚ ਲਿਆਇਆ ਗਿਆ ਸੀ।
ਇਹ ਸਾਰੇ ਮਨੁੱਖੀ ਤਸਕਰੀ ਅਤੇ ਦੇਹ ਵਪਾਰ ਦੀ ਸ਼ਿਕਾਰ ਸਨ। ਇਸ ਤੋਂ ਪਹਿਲਾਂ ਵੀ ਕਮਿਸ਼ਨ 'ਚ ਬਾਲ ਕਲਿਆਣ ਕਮੇਟੀ-5 ਦੀ ਸਾਬਕਾ ਮੈਂਬਰ ਨੇ ਸੰਸਕਾਰ ਆਸ਼ਰਮ ਫਾਰ ਗਰਲਸ, ਦਿਲਸ਼ਾਦ ਗਾਰਡਨ 'ਚ ਅਵਿਵਸਥਾ ਦੇ ਬਾਰੇ ਇਕ ਸ਼ਿਕਾਇਤ ਦਰਜ ਕਰਵਾਈ ਸੀ।