ਝੂਠ ਫੈਲਾਉਣ 'ਚ ਯੂਨੀਵਰਸਿਟੀ ਬਣ ਗਈ ਹੈ ਕਾਂਗਰਸ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿਚ ਹਿੰਦੂ ਅਤੇ ਹਿੰਦੂਤਵ ਬਾਰੇ ਛਿੜੀ ਬਹਿਸ ਉਦੋਂ ਸਿਖਰ 'ਤੇ ਪਹੁੰਚ ਗਈ...........

Congress has become a university in spreading lies: Modi

ਜੋਧਪੁਰ : ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿਚ ਹਿੰਦੂ ਅਤੇ ਹਿੰਦੂਤਵ ਬਾਰੇ ਛਿੜੀ ਬਹਿਸ ਉਦੋਂ ਸਿਖਰ 'ਤੇ ਪਹੁੰਚ ਗਈ ਜਦ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਿਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਹਿੰਦੂਤਵ ਦਾ ਮੁਕੰਮਲ ਗਿਆਨ ਹੋਣ ਦਾ ਦਾਅਵਾ ਤਾਂ ਰਿਸ਼ੀ ਮੁਨੀ ਵੀ ਨਹੀਂ ਕਰ ਸਕਦੇ, ਫਿਰ ਉਹ ਤਾਂ ਛੋਟੇ ਜਿਹੇ 'ਕਾਮਦਾਰ' ਹਨ। ਇਸ ਦੇ ਨਾਲ ਹੀ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਵਿਅੰਗ ਕਸਿਆ ਕਿ ਇਹ ਦਾਅਵਾ ਤਾਂ 'ਨਾਮਦਾਰ' ਹੀ ਕਰ ਸਕਦੇ ਹਨ। ਕੁੱਝ ਦਿਨਾਂ ਦੇ ਵਿਰਾਮ ਮਗਰੋਂ ਰਾਜਸਥਾਨ ਦੇ ਚੋਣ ਮੈਦਾਨ ਵਿਚ ਉਤਰੇ ਮੋਦੀ ਅਪਣੇ ਜਾਣੇ-ਪਛਾਣੇ ਰੌਂਅ ਵਿਚ ਦਿਸੇ ਅਤੇ ਹਿੰਦੂਤਵ ਤੇ ਜਾਤ-ਪਾਤ ਬਾਰੇ ਰਾਹੁਲ ਨੂੰ ਨਿਸ਼ਾਨਾ ਬਣਾਇਆ।

ਮੋਦੀ ਨੇ ਕਿਹਾ, 'ਕਾਂਗਰਸ ਵਾਲੇ ਹਿੰਦੂਤਵ ਦਾ ਇਹ ਗਿਆਨ ਕਿਥੋਂ ਲੈ ਕੇ ਆਏ? ਉਨ੍ਹਾਂ ਕਾਂਗਰਸ ਦੀ ਦੁਰਦਸ਼ਾ ਲਈ ਪਿਛਲੀ ਯੂਪੀਏ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਿਸ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਨਹੀਂ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸੈਰ-ਸਪਾਟਾ ਅਤੇ ਸਫ਼ਾਈ ਦੇ ਮੋਰਚੇ 'ਤੇ ਹੁਣ ਤਕ ਭਾਰਤ ਦੇ ਪਛੜੇਵੇਂ ਲਈ ਵੀ ਕਾਂਗਰਸ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਦਸਿਆ। ਮੋਦੀ ਨੇ ਰਾਹੁਲ ਵਲ ਇਸ਼ਾਰਾ ਕਰਦਿਆਂ 'ਨਾਮਦਾਰ' ਅਤੇ ਖ਼ੁਦ ਲਈ 'ਕਾਮਦਾਰ' ਸ਼ਬਦਾਂ ਦੀ ਵਰਤੋਂ ਕੀਤੀ।

ਉਨ੍ਹਾਂ ਕਿਹਾ, 'ਝੂਠ ਫੈਲਾਉਣ ਵਿਚ ਤਾਂ ਕਾਂਗਰਸ ਅਜਿਹੀ ਯੂਨੀਵਰਸਿਟੀ ਬਣ ਗਈ ਹੈ, ਅਜਿਹੀ ਯੂਨੀਵਰਸਿਟੀ ਬਣ ਗਈ ਹੈ ਜਿਥੇ ਦਾਖ਼ਲ ਹੁੰਦਿਆਂ ਹੀ ਝੂਠ ਦੀ ਪੀਐਚਡੀ ਦਾ ਅਧਿਐਨ ਸ਼ੁਰੂ ਹੋ ਜਾਂਦਾ ਹੈ। ਜੋ ਜ਼ਿਆਦਾ ਅੰਕ ਲੈ ਕੇ ਝੂਠ ਬੋਲਣ ਵਿਚ ਮਾਹਰ ਹੋ ਹੋ ਜਾਂਦਾ ਹੈ, ਉਸ ਨੂੰ ਨਵੇਂ ਨਵੇਂ ਅਹੁਦੇ ਦਿਤੇ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀ ਸਰਕਾਰ ਨੇ ਤਾਂ ਸੁਪਰੀਮ ਕੋਰਟ ਵਿਚ ਲਿਖ ਕੇ ਦੇ ਦਿਤਾ ਸੀ ਕਿ ਭਗਵਾਨ ਰਾਮ ਦਾ ਕੋਈ ਇਤਿਹਾਸਕ ਪ੍ਰਮਾਣ ਮੌਜੂਦ ਨਹੀਂ। ਇਥੋਂ ਹੀ ਪਤਾ ਚਲਦਾ ਹੈ ਕਿ ਉਹ ਭਗਵਾਨ ਰਾਮ ਬਾਰੇ ਕੀ ਸੋਚਦੇ ਹਨ?  (ਏਜੰਸੀ)

Related Stories