ਦੇਖ ਕੇ ਖੁਸ਼ੀ ਹੁੰਦੀ ਹੈ ਕਿ ਸਾਡੀ ਕੌਮ ਦੀ ਜਵਾਨੀ ਸਿਆਣੀ ਹੋ ਰਹੀ ਹੈ- ਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਤੋਂ ਬੀਰ ਸਿੰਘ ਨੇ ਨੌਜਵਾਨਾਂ 'ਚ ਭਰਿਆ ਜੋਸ਼, ਸੁਚੇਤ ਰਹਿਣ ਦੀ ਦਿੱਤੀ ਸਲਾਹ

Bir Singh At Delhi Protest

ਨਵੀਂ ਦਿੱਲੀ: ਅਪਣੀ ਹੋਂਦ ਦੀ ਲੜਾਈ ਲੜ ਰਹੇ ਕਿਸਾਨਾਂ ਵਿਚ ਕਾਫ਼ੀ ਜੋਸ਼ ਦੇਖਿਆ ਜਾ ਰਿਹਾ ਹੈ। ਪਰ ਜੋਸ਼ ਦੇ ਨਾਲ ਹੀ ਨੌਜਵਾਨ ਹੋਸ਼ ਤੋਂ ਵੀ ਕੰਮ ਲੈਂਦੇ ਨਜ਼ਰ ਆ ਰਹੇ ਹਨ। ਦਿੱਲੀ ਦੇ ਟਿਕਰੀ ਬਾਰਡਰ 'ਤੇ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇ ਰਹੇ ਬੀਰ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਗੱਲਬਾਤ ਕੀਤੀ। 

ਬੀਰ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਸਭ ਤੋਂ ਵਧੀਆ ਗੱਲ ਇਹ ਦੇਖਣ ਨੂੰ ਮਿਲ ਰਹੀ ਕਿ ਪੰਜਾਬ ਦੀ ਜਵਾਨੀ ਵਿਚ ਜਾਗਰੂਕਤਾ ਦੀ ਲਹਿਰ ਹੈ। ਉਹਨਾਂ ਨੂੰ ਪਤਾ ਹੈ ਕਿ ਕਿਵੇਂ ਉਹਨਾਂ ਦੇ ਹੱਕ ਖੋਏ ਜਾ ਰਹੇ ਨੇ ਜਾਂ ਕਿਵੇਂ ਸਿਆਸਤ ਕੰਮ ਕਰਦੀ ਹੈ। ਕਈ ਨੌਜਵਾਨ ਤਾਂ ਇੰਨੇ ਜ਼ਿਆਦਾ ਸਿਆਣੇ ਨੇ ਕਿ ਉਹ ਅੰਤਰਰਾਸ਼ਟਰੀ ਸਿਆਸਤ ਦੀ ਵੀ ਸਮਝ ਰੱਖ ਰਹੇ ਹਨ। ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਸਾਡੀ ਕੌਮ ਸਿਆਣੀ ਹੋ ਰਹੀ ਹੈ।

ਕਿਸਾਨੀ ਸੰਘਰਸ਼ 'ਚ ਨੌਜਵਾਨਾਂ ਦੀ ਭੂਮਿਕਾ ਬਾਰੇ ਬੋਲਦਿਆਂ ਬੀਰ ਸਿੰਘ ਨੇ ਕਿਹਾ ਕਿ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਕਿ ਦਿੱਲੀ ਵਿਚ ਨੌਜਵਾਨ, ਬੀਬੀਆਂ, ਭੈਣਾਂ ਬੜੀ ਸ਼ਰਧਾ ਨਾਲ ਸੇਵਾ ਕਰ ਰਹੀਆਂ ਹਨ ਤੇ ਪੰਜਾਬੀਆਂ ਨੇ ਬੜੀ ਸਹਿਜਤਾ ਨਾਲ ਸੰਘਰਸ਼ ਨੂੰ ਜਾਰੀ ਰੱਖਿਆ ਹੈ।

ਕਿਸਾਨੀ ਸੰਘਰਸ਼ ਨਾਲ ਖਾਲਿਸਤਾਨ ਨੂੰ ਜੋੜਨ 'ਤੇ ਬੀਰ ਸਿੰਘ ਨੇ ਕਿਹਾ ਕਿ ਜਦੋਂ ਵੀ ਕੋਈ ਸੰਘਰਸ਼ ਵਿੱਡਿਆ ਜਾਂਦਾ ਹੈ ਤਾਂ ਉਸ ਨੂੰ ਸਫਲ ਕਰਨ ਦੀਆਂ ਵੱਖ-ਵੱਖ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਜਾਂ ਫਿਰ ਸਿਆਸਤ ਖੇਡੀ ਜਾਂਦੀ ਹੈ ਕਿ ਸੰਘਰਸ਼ ਦੋ ਧਿਰਾਂ 'ਚ ਵੰਡਿਆ ਜਾਵੇ। ਕਈ ਵਾਰ ਵਿਚਾਰਧਾਰਾ ਬਣਾਈ ਜਾਂਦੀ ਹੈ ਕਿ ਇਹ ਦੇਸ਼ ਵਿਰੋਧੀ ਹਨ।

ਬੀਰ ਸਿੰਘ ਦੱਸਿਆ ਕਿ ਉਹਨਾਂ ਨੇ ਖੁਦ ਵੀ ਸਿਵਲ ਕੱਪੜਿਆਂ 'ਚ ਕੁਝ ਅਜਿਹੇ ਲੋਕ ਦੇਖੇ ਹਨ ਜੋ ਇਸ ਧਰਨੇ 'ਚ ਸ਼ਾਮਲ ਹੋਣ ਨਹੀਂ ਬਲਕਿ ਸੰਘਰਸ਼ ਨੂੰ ਖ਼ਰਾਬ ਕਰਨ ਆਏ ਹਨ। ਪਰ ਪੰਜਾਬੀ ਮੁੰਡੇ ਬਹੁਤ ਸਿਆਣੇ ਹਨ ਤੇ ਸਮਝਦਾਰੀ ਨਾਲ ਕੰਮ ਲੈ ਰਹੇ ਨੇ।

ਉਹਨਾਂ ਦੱਸਿਆ ਕਿ ਪੰਜਾਬੀਆਂ ਵੱਲ਼ੋਂ ਸਫਾਈ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਤਾਂ ਜੋ ਸੰਘਰਸ਼ ਵਿਚ ਸਫਾਈ ਦਾ ਧਿਆਨ ਵੀ ਰੱਖਿਆ ਜਾਵੇ। ਇਸ ਤੋਂ ਇਲਾਵਾ ਕੁਝ ਨੌਜਵਾਨ ਦਿੱਲ਼ੀ ਦੀਆਂ ਸੜਕਾਂ 'ਤੇ ਰੁੱਖ ਲਗਾਉਣ ਬਾਰੇ ਵੀ ਸੋਚ ਰਹੇ ਹਨ। ਬੀਰ ਸਿੰਘ ਨੇ ਕਿਹਾ ਕਿ ਪੰਜਾਬੀ ਮੁੰਡੇ ਬਿਨਾਂ ਹੁੱਲੜਬਾਜ਼ੀ ਤੋਂ ਰਹਿ ਕੇ ਦਿਖਾ ਰਹੇ ਹਨ।

ਬੀਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਕਿਹਾ ਹੈ ਕਿ ਸਾਨੂੰ ਲਿਖਤੀ ਰੂਪ 'ਚ ਦੱਸੋ ਕਿ ਕਾਨੂੰਨਾਂ ਤੋਂ ਕੀ ਸਮੱਸਿਆ ਹੈ। ਉਹਨਾਂ ਕਿਹਾ ਕਿ ਜਿੰਨਾ ਦਬਾਅ ਅਸੀਂ ਪਾ ਚੁੱਕੇ ਹਾਂ ਸਾਨੂੰ ਤਿੰਨ ਕਾਨੂੰਨਾਂ ਤੋਂ ਅੱਗੇ ਵੀ ਸਵਾਮੀਨਾਥਨ ਰਿਪੋਰਟ ਜਾਂ ਕਰਜ਼ਾ ਮੁਆਫੀ ਬਾਰੇ ਗੱਲ਼ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜ਼ਮੀਨੀ ਪੱਧਰ 'ਤੇ ਲੰਬੀ ਯੋਜਨਾ ਬਣ ਰਹੀ ਹੈ।

ਕਲਾਕਾਰਾਂ ਬਾਰੇ ਗੱਲ ਕਰਦਿਆਂ ਬੀਰ ਸਿੰਘ ਨੇ ਕਿਹਾ ਕਿ ਇਹ ਸੰਘਰਸ਼ ਹੀਰੋ ਬਣਨ ਦਾ ਨਹੀਂ ਹੈ ਬਲਕਿ ਸਾਥ ਦੇਣ ਦਾ ਸੰਘਰਸ਼ ਹੈ। ਹਰਿਆਣੇ ਦੇ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਬਾਰੇ ਬੀਰ ਸਿੰਘ ਨੇ ਕਿਹਾ ਕਿ ਦਿੱਲੀ ਆਉਣ ਸਮੇਂ ਜਿੰਨੇ ਵੀ ਬੈਰੀਅਰ ਤੋੜੇ ਗਏ ਉਹਨਾਂ ਵਿਚ ਹਰਿਆਣਾ ਦੇ ਨੌਜਵਾਨਾਂ ਨੇ ਮੋਹਰੀ ਭੂਮਿਕਾ ਨਿਆਈ। 

ਬੀਰ ਸਿੰਘ ਨੇ ਕਿਹਾ ਕਿ ਜਦੋਂ ਦਿੱਲੀ ਵਿਚ ਉਹਨਾਂ 'ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਤਾਂ ਵੀ ਉਹਨਾਂ ਅੰਦਰ ਜੋਸ਼ ਸੀ ਤੇ ਉਹਨਾਂ ਨੇ ਅਜਿਹੀ ਸਥਿਤੀ ਦਾ ਪਹਿਲੀ ਵਾਰ ਸਾਹਮਣਾ ਕੀਤਾ ਸੀ।  ਬੀਰ ਸਿੰਘ ਨੇ ਦੱਸਿਆ ਕਿ ਉਹ ਸਮਝਦੇ ਸੀ ਕਿ ਕਲਮ ਸਭ ਤੋਂ ਤਾਕਤਵਰ ਚੀਜ਼ ਹੈ ਪਰ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਕਲਮ ਤੋਂ ਤਾਕਤਵਰ ਵੀ ਇਕ ਚੀਜ਼ ਹੈ ਉਹ ਚੀਜ਼ ਹੈ ਤੁਹਾਡੇ ਅੰਦਰ ਦੀ ਐਨਰਜੀ। 

ਬੀਰ ਸਿੰਘ ਨੇ ਕਿਹਾ ਕਿ ਜਿਸ ਪਿਓ ਦੇ ਅਸੀਂ ਪੁੱਤ ਹਾਂ, ਉਹ ਇੱਟ ਦਾ ਸਿਰਹਾਣਾ ਲਾ ਕੇ ਵੀ ਕਹਿੰਦਾ ਸੀ ਕਿ ਮੈਂ ਮੌਜ ਵਿਚ ਹਾਂ। ਸਾਨੂੰ ਤਾਂ ਫਿਰ ਟਰਾਲੀਆਂ ਮਿਲਿਆਂ ਹੋਈਆਂ ਨੇ। ਬੀਰ ਸਿੰਘ ਨੇ ਅਖੀਰ ਵਿਚ ਕਿਹਾ, ਬਹੁਤ ਅਸੀਸਾਂ ਬਹੁਤ ਪਿਆਰ ਮਿਲ ਰਿਹਾ ਏ, ਮੈਨੂੰ ਬੈਠੇ ਨੂੰ ਦਿੱਲੀ ਦੀ ਜੂਹ ਉੱਤੇ, ਮੇਰੇ ਅਪਣੇ ਮੇਰਾ ਪਰਿਵਾਰ ਮਿਲ ਰਿਹਾ ਏ।