ਕਿਸਾਨੀ ਸੰਘਰਸ਼ ਜਿੱਤਣ ਤੋਂ ਬਾਅਦ ਸਰਕਾਰ 100 ਸਾਲ ਕਿਸਾਨਾਂ ਨਾਲ ਪੰਗਾ ਨਹੀਂ ਲਵੇਗੀ - ਲੱਖਾ ਸਿਧਾਣਾ
Lakha Sidhana ਨੇ Live ਹੋ Gurdas Maan ਅਤੇ ਵੱਡੇ ਬਾਦਲ ਨੂੰ ਪਾਈਆਂ ਲਾਹਨਤਾਂ
ਨਵੀਂ ਦਿੱਲੀ - ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਦਿੱਲੀ ਵਿਚ ਲਗਾਤਾਰ ਡਟੇ ਹੋਏ ਹਨ ਤੇ ਇਸ ਵਿਚਕਾਰ ਲੱਖਾ ਸਿਧਾਣਾ ਨੇ ਦਿੱਲੀ ਧਰਨੇ 'ਚ ਨਾ ਪਹੁੰਚਣ ਵਾਲਿਆਂ ਨੂੰ ਲਾਹਨਤਾਂ ਪਾਈਆੰ ਹਨ ਉਹਨਾਂ ਕਿਹਾ ਕਿ ਦਿੱਲੀ ਸਿਰਫ਼ 2 ਘੰਟਿਆਂ ਦਾ ਰਸਤਾ ਹੈ ਜੇ ਅਸੀਂ ਅੱਜ ਦਿੱਲੀ ਧਰਨੇ ਵਿਚ ਕਿਸਾਨਾਂ ਦਾ ਸਾਥ ਨਾ ਦੇਣ ਪਹੁੰਚੇ ਅਤੇ ਸਰਕਾਰ ਤੋਂ ਇਹ ਕਾਲੇ ਕਾਨੂੰਨ ਰੱਦ ਨਾ ਕਰਵਾ ਸਕੇ ਤਾਂ ਸਾਨੂੰ ਅਗਲੇ 5, 6 ਸਾਲਾਂ ਵਿਚ ਪਤਾ ਨਹੀਂ ਕੀ ਕੁੱਝ ਸਹਿਣਾ ਪਵੇਗਾ ਤੇ ਜੇ ਅਸੀਂ ਸਾਰਿਆਂ ਨੇ ਰਲ ਕੇ ਇਹ ਕਾਨੂੰਨ ਰੱਦ ਕਰਵਾ ਦਿੱਤੇ ਤਾਂ ਅਗਲੇ 50 ਸਾਲ 100 ਸਾਲ ਤੱਕ ਸਰਕਾਰ ਸਾਡੇ ਨਾਲ ਪੰਗਾ ਨਹੀਂ ਲਵੇਗੀ।
ਲੱਖਾ ਸਿਧਾਣਾ ਨੇ ਕਿਹਾ ਕਿ ਕਈ ਲੋਕ ਡਰਦੇ ਮਾਰੇ ਹੀ ਧਰਨੇ ਵਿਚ ਸ਼ਾਮਲ ਨਹੀਂ ਹੋ ਰਹੇ ਕਿ ਉੱਥੇ ਖਾਣ-ਪੀਣ ਨੂੰ ਜਾਂ ਫਿਰ ਹੋਰ ਚੀਜ਼ਾਂ ਦੀ ਤਕਲੀਫ ਆਵੇਗੀ ਪਰ ਲੱਖਾ ਸਿਧਾਣਾ ਨੇ ਕਿਹਾ ਕਿ ਧਰਨੇ ਵਿਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਹਰ ਤਰ੍ਹਾਂ ਦਾ ਲੰਗਰ ਇੱਥੇ ਚੱਲ ਰਿਹਾ ਹੈ ਹਰ ਇਕ ਨੂੰ ਜਰੂਰਤ ਦੀ ਚੀਜ਼ ਮਿਲ ਰਹੀ ਹੈ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ।
ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣਾ ਪਦਮ ਵਿਭੂਸ਼ਣ ਵਾਪਸ ਕਰਨ 'ਤੇ ਲੱਖਾ ਸਿਧਾਣਾ ਨੇ ਕਿਹਾ ਕਿ ਜੇ ਪ੍ਰਕਾਸ਼ ਬਾਦਲ ਕਿਸਾਨਾਂ ਨਾਲ ਆ ਕੇ ਧਰਨੇ ਵਿਚ ਬੈਠ ਵੀ ਜਾਣ ਤਾਂ ਵੀ ਲੋਕਾਂ ਨੇ ਉਹਨਾਂ 'ਤੇ ਵਿਸ਼ਵਾਸ਼ ਨਹੀਂ ਕਰਨਾ ਕਿ ਉਹ ਕਿਸਾਨਾਂ ਦੇ ਨਾਲ ਹਨ। ਉਹਨਾਂ ਕਿਹਾ ਜੇ ਪਹਿਲਾਂ ਬਾਦਲ ਪਰਿਵਾਰ ਭਾਜਪਾ ਨਾਲ ਨਾ ਮਿਲਦਾ ਤੇ ਸਰਕਾਰ ਨੂੰ ਬਾਦਲਾਂ ਦੀ ਸ਼ਹਿ ਨਾ ਮਿਲਦੀ ਸ਼ਾਇਦ ਅੱਜ ਇਹ ਹਾਲਾਤ ਨਾ ਹੁੰਦੇ ਕਿਉਂਕਿ ਪਹਿਲਾਂ ਤਾਂ ਬਾਦਲ ਪਰਿਵਾਰ ਕਾਨੂੰਨਾਂ ਦੇ ਹੱਕ ਵਿਚ ਸੀ ਤੇ ਹੁਣ ਜਦੋਂ ਵਿਰੋਧ ਹੋਣ ਲੱਗਾ ਤਾਂ ਇਕ ਦਮ ਪਾਸਾ ਬਦਲ ਗਏ। ਲੱਖਾ ਸਿਧਾਣਾ ਨੇ ਕਿਹਾ ਕਿ ਹੁਣ ਬਾਦਲ ਪਰਿਵਾਰ ਜੋ ਵੀ ਕਰ ਲਵੇ ਕੋਈ ਵੀ ਕਿਸਾਨ ਬਾਦਲਾਂ 'ਤੇ ਵਿਸ਼ਵਾਸ਼ ਨਹੀਂ ਕਰੇਗਾ।
ਗੁਰਦਾਸ ਮਾਨ ਦੇ ਪੰਜਾਬੀ ਹੋਣ ਦਾ ਹੱਕ ਨਾ ਖੋਹਣ ਦੇ ਬਿਆਨ 'ਤੇ ਲੱਖਾ ਸਿਧਾਣਾ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਨੇ ਆਪਣਾ ਪੰਜਾਬੀ ਹੋਣ ਦਾ ਹੱਕ ਤਾਂ ਉਸ ਦਿਨ ਹੀ ਗਵਾ ਦਿੱਤਾ ਸੀ ਜਿਸ ਦਿਨ ਉਹ ਡੇਰੇ ਵਿਚ ਬੀੜੀਆ ਤੇ ਭੰਗ ਪੀਣ ਵਾਲਿਆਂ ਵਿਚ ਸਾਡੀ ਜਵਾਨੀ ਨੂੰ ਲੈ ਗਏ ਸਨ। ਲੱਖਾ ਸਿਧਾਣਾ ਨੇ ਕਿਹਾ ਕਿ ਗੁਰਦਾਸ ਮਾਨ ਤਾਂ ਉਸ ਦਿਨ ਹੀ ਉਹਨਾਂ ਦੇ ਮਨ ਤੋਂ ਲੱਥ ਗਿਆ ਸੀ
ਜਿਸ ਦਿਨ ਉਹਨਾਂ ਨੂੰ ਪਤਾ ਚੱਲਿਆ ਕਿ ਮਾਨ ਦੀ ਉੱਠਣੀ ਬੈਠਣੀ ਕੇਪੀਐੱਸ ਗਿੱਲ ਨਾਲ ਹੈ ਜਿਸ ਨੇ ਸਾਡੀਆਂ ਮਾਵਾਂ ਨਾਲ ਥਾਣਿਆਂ ਵਿਚ ਤਸ਼ੱਦਦ ਕੀਤਾ ਤੇ ਸਾਡੇ ਬੇਕਸੂਰ ਨੌਜਵਾਨਾਂ 'ਤੇ ਝੂਠੇ ਮੁਕੱਦਮੇ ਦਰਜ ਕਰ ਕੇ ਉਹਨਾਂ ਨੂੰ ਮਾਰਦਾ ਰਿਹਾ ਹੈ। ਸਿਧਾਣਾ ਨੇ ਕਿਹਾ ਕਿ ਗੁਰਦਾਸ ਮਾਨ ਨੂੰ ਬਾਬਾ ਬੋਹੜ ਹੋਣ ਦਾ ਵੀ ਮਾਣ ਬਖਸ਼ਿਆ ਗਿਆ ਪਰ ਹੁਣ ਉਹ ਇਸ ਲਾਇਕ ਨਹੀਂ ਹੈ।