1.16 ਕਰੋੜ ਦੀ ਸੜਕ ਦੇ ਉਦਘਾਟਨ ਸਮੇਂ ਖੁੱਲ੍ਹੀ ਸਰਕਾਰ ਦੀ ਪੋਲ, 'ਨਾਰੀਅਲ ਨਹੀਂ ਸਗੋਂ ਟੁੱਟੀ ਸੜਕ'
ਸਿੰਚਾਈ ਵਿਭਾਗ 1.16 ਕਰੋੜ ਰੁਪਏ ਦੀ ਲਾਗਤ ਨਾਲ ਇਸ 7.5 ਕਿਲੋਮੀਟਰ ਸੜਕ ਦਾ ਨਿਰਮਾਣ ਕਰ ਰਿਹਾ ਹੈ।
ਲਖਨਊ - ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਜਾਣ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ। ਦਰਅਸਲ ਬੀਜੇਪੀ ਦੇ ਇੱਕ ਵਿਧਾਇਕ 7 ਕਿਲੋਮੀਟਰ ਲੰਬੀ ਸੜਕ ਦਾ ਉਦਘਾਟਨ ਕਰਨ ਬਿਜਨੌਰ ਪਹੁੰਚੇ ਸਨ ਪਰ ਜਦੋਂ ਉਦਘਾਟਨ ਲਈ ਉਹਨਾਂ ਨੇ ਨਾਰੀਅਲ ਤੋੜਨ ਦੇ ਰਿਵਾਜ਼ ਦੀ ਪਾਲਣਾ ਕਰਨ ਲਈ ਸੜਕ 'ਤੇ ਨਾਰੀਅਲ ਸੁੱਟਿਆ, ਤਾਂ ਕਮਾਲ ਇਹ ਹੋਇਆ ਕਿ ਨਾਰੀਅਲ ਨਹੀਂ ਟੁੱਟਿਆ ਪਰ ਸੜਕ ਜ਼ਰੂਰ ਟੁੱਟ ਗਈ।
ਖਬਰਾਂ ਮੁਤਾਬਕ ਬਿਜਨੌਰ ਸਦਰ ਵਿਧਾਨ ਸਭਾ ਹਲਕੇ ਦੀ ਵਿਧਾਇਕ ਸੁੱਚੀ ਮੌਸਮ ਚੌਧਰੀ ਨੇ ਦੱਸਿਆ ਕਿ ਸਿੰਚਾਈ ਵਿਭਾਗ 1.16 ਕਰੋੜ ਰੁਪਏ ਦੀ ਲਾਗਤ ਨਾਲ ਇਸ 7.5 ਕਿਲੋਮੀਟਰ ਸੜਕ ਦਾ ਨਿਰਮਾਣ ਕਰ ਰਿਹਾ ਹੈ। ਮੈਨੂੰ ਇਸ ਦਾ ਉਦਘਾਟਨ ਕਰਨ ਲਈ ਕਿਹਾ ਗਿਆ ਸੀ। ਜਦੋਂ ਮੈਂ ਇੱਥੇ ਪਹੁੰਚ ਕੇ ਉਦਘਾਟਨ ਲਈ ਨਾਰੀਅਲ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਨਾਰੀਅਲ ਨਹੀਂ ਟੁੱਟਿਆ, ਸਗੋਂ ਸੜਕ ਟੁੱਟ ਗਈ।
ਉਹਨਾਂ ਨੇ ਅੱਗੇ ਕਿਹਾ, 'ਮੈਂ ਸੜਕ ਦੀ ਜਾਂਚ ਕੀਤੀ ਅਤੇ ਦੇਖਿਆ ਕਿ ਉਸਾਰੀ ਦਾ ਕੰਮ ਮਿਆਰੀ ਨਹੀਂ ਸੀ। ਅਸੀਂ ਉਦਘਾਟਨ ਰੋਕ ਦਿੱਤਾ ਅਤੇ ਫਿਰ ਮੈਂ ਜ਼ਿਲ੍ਹਾ ਮੈਜਿਸਟਰੇਟ ਨਾਲ ਗੱਲ ਕੀਤੀ। ਡੀਐਮ ਨੇ ਤਿੰਨ ਮੈਂਬਰੀ ਟੀਮ ਬਣਾਈ ਹੈ। ਨਿਰਮਾਣ ਸਮੱਗਰੀ ਨਮੂਨੇ ਲਈ ਭੇਜੀ ਗਈ। ਅਸੀਂ ਕਰੀਬ ਤਿੰਨ ਘੰਟੇ ਉੱਥੇ ਰਹੇ। ਹਰ ਚੀਜ਼ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀਐਮ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਸੜਕ ਨੂੰ ਮਿਆਰਾਂ ਅਨੁਸਾਰ ਬਣਾਇਆ ਜਾਵੇਗਾ।