ਜੇਕਰ ਸਾਈਟ 'ਤੇ ਹੋਈ ਧੋਖਾਧੜੀ ਲਈ ਗੂਗਲ-ਫੇਸਬੁੱਕ ਵੀ ਹੋਵੇਗਾ ਜ਼ਿੰਮੇਵਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਕਤ ਪਲੇਟਫਾਰਮਾਂ ਖ਼ਿਲਾਫ਼ ਯੂਜ਼ਰ ਦਰਜ ਕਰਵਾ ਸਕਦੇ ਹਨ ਅਪਰਾਧਿਕ ਮਾਮਲਾ 

Cyber Fraud

IT ਕਾਨੂੰਨ ਤਹਿਤ ਵਿੱਤੀ ਘਾਟੇ ਦਾ ਵੀ ਕੀਤਾ ਜਾ ਸਕਦਾ ਹੈ ਦਾਅਵਾ 
ਮੌਜੂਦਾ IT ਐਕਟ ਨੂੰ ਹੋਰ ਸਖ਼ਤ ਕਰਨ ਲਈ 'ਡਿਜੀਟਲ ਇੰਡੀਆ ਐਕਟ' ਲਿਆਉਣ ਦੀ ਤਿਆਰੀ ਵਿਚ  IT ਮੰਤਰਾਲਾ 
ਨਵੀਂ ਦਿੱਲੀ:
ਜੇਕਰ ਗੂਗਲ ਅਤੇ ਫੇਸਬੁੱਕ ਸਾਈਟ 'ਤੇ ਕਿਸੇ ਵੀ ਯੂਜ਼ਰ ਨਾਲ ਧੋਖਾਧੜੀ ਹੁੰਦੀ ਹੈ ਤਾਂ ਇਸ ਇਹ ਇੰਟਰਨੇਟ ਮੀਡੀਆ ਪਲੇਟਫਾਰਮ ਦੀ ਵੀ ਜ਼ਿੰਮੇਵਾਰੀ ਹੋਵੇਗੀ। ਕਿਸੇ ਵੀ ਤਰ੍ਹਾਂ ਦੀ ਠੱਗੀ ਦੀ ਸੂਰਤ ਵਿਚ ਇਹ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦੇ। ਇਹ ਸਪੱਸ਼ਟ ਹੈ ਕਿ ਹੁਣ ਗੂਗਲ ਅਤੇ ਫੇਸਬੁੱਕ ਨੂੰ ਆਪਣੇ ਪਲੇਟਫਾਰਮ 'ਤੇ ਹੋਣ ਵਾਲਿਆਂ ਧੋਖਾਧੜੀਆਂ ਨੂੰ ਰੋਕਣ ਲਈ ਕਦਮ ਚੁੱਕਣੇ ਪੈਣਗੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਯੂਜ਼ਰ ਉਕਤ ਪਲੇਟਫਾਰਮ ਖ਼ਿਲਾਫ਼ ਅਪਰਾਧਿਕ ਮੁਕੱਦਮਾ ਵੀ ਦਰਜ ਕਰਵਾ ਸਕਦੇ ਹਨ।

ਆਈਟੀ ਕਾਨੂੰਨ ਤਹਿਤ ਵਿੱਤੀ ਨੁਕਸਾਨ ਦਾ ਵੀ ਦਾਅਵਾ ਕੀਤਾ ਜਾ ਸਕਦਾ ਹੈ। ਇਸ ਸਾਲ ਅਕਤੂਬਰ ਵਿਚ ਹੀ ਆਈਟੀ ਨਿਯਮਾਂ ਵਿਚ ਸੋਧ ਕੀਤੀ ਗਈ ਹੈ। ਹਾਲ ਹੀ 'ਚ ਫਰਿੱਜ ਖਰਾਬ ਹੋਣ 'ਤੇ ਗਾਹਕ ਨੇ ਉਸ ਕੰਪਨੀ ਦੇ ਕਾਲ ਸੈਂਟਰ ਨੂੰ ਕਾਲ ਕਰਨ ਲਈ ਗੂਗਲ 'ਤੇ ਸਰਚ ਕੀਤਾ। ਸਰਚ 'ਚ ਉਸ ਕੰਪਨੀ ਦੇ ਨਾਂ 'ਤੇ ਚੱਲ ਰਹੇ ਫਰਜ਼ੀ ਕਾਲ ਸੈਂਟਰ ਨੂੰ ਸਭ ਤੋਂ ਉੱਪਰ ਦਿਖਾਇਆ ਗਿਆ।

ਗਾਹਕ ਨੇ ਉਸ ਸਾਈਟ 'ਤੇ ਮਿਲੇ ਨੰਬਰ 'ਤੇ ਕਾਲ ਕੀਤੀ ਅਤੇ ਕੰਪਨੀ ਦਾ ਕਾਲ ਸੈਂਟਰ ਸਮਝ ਕੇ ਗਾਹਕ ਨੇ ਗਲਤੀ ਨਾਲ ਉਕਤ ਫਰਜ਼ੀ ਕਾਲ ਸੈਂਟਰ ਨਾਲ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰ ਦਿੱਤੀ। ਜਿਸ 'ਤੇ ਉਹ ਵਿੱਤੀ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਇਹ ਮਹਿਜ਼ ਇੱਕ ਉਦਾਹਰਣ ਹੈ। ਪਿਛਲੇ ਕੁਝ ਦਿਨਾਂ ਵਿਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਇੰਨਾ ਹੀ ਨਹੀਂ ਸਗੋਂ ਹੁਣ ਇੰਟਰਨੇਟ ਧੋਖਾਧੜੀ ਦਾ ਇਕ ਪ੍ਰਚਲਨ ਚੱਲ ਰਿਹਾ ਹੈ।

ਜੇਕਰ ਤੁਸੀਂ ਕਿਸੇ ਵਸਤੂ ਦੀ ਔਨਲਾਈਨ ਖੋਜ ਕੀਤੀ ਹੈ, ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਰਾਹੀਂ ਉਸ ਵਸਤੂ ਦੇ ਵਿਕਰੇਤਾਵਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਉਸ ਚੀਜ਼ ਵਿਚ ਦਿਲਚਸਪੀ ਰੱਖਦੇ ਹੋ ਅਤੇ ਜਿਵੇਂ ਹੀ ਤੁਸੀਂ ਗੂਗਲ ਜਾਂ ਫੇਸਬੁੱਕ 'ਤੇ ਜਾਂਦੇ ਹੋ, ਤੁਹਾਨੂੰ ਉਸ ਚੀਜ਼ ਦੇ ਇਸ਼ਤਿਹਾਰ ਮਿਲ ਜਾਣਗੇ | ਸਾਈਬਰ ਜਗਤ ਦੇ ਠੱਗ ਵੀ ਇਸ ਦਾ ਫਾਇਦਾ ਚੁੱਕ ਰਹੇ ਹਨ। ਉਹ AI ਦੀ ਮਦਦ ਨਾਲ ਤੁਹਾਡੀ ਦਿਲਚਸਪੀ ਨੂੰ ਵੀ ਜਾਣ ਚੁੱਕੇ ਹਨ ਅਤੇ ਉਹ ਤੁਹਾਨੂੰ ਸਾਈਟ 'ਤੇ ਉਹ ਚੀਜ਼ ਸਸਤੇ ਵਿੱਚ ਦੇਣ ਦਾ ਲਾਲਚ ਵੀ ਦੇ ਰਹੇ ਹਨ ਅਤੇ ਗਾਹਕ ਉਨ੍ਹਾਂ ਦੇ ਜਾਲ ਵਿੱਚ ਫਸ ਜਾਂਦੇ ਹਨ।

ਇਸ ਤਰ੍ਹਾਂ ਦੀ ਹਰ ਤਰ੍ਹਾਂ ਦੀ ਧੋਖਾਧੜੀ ਗੂਗਲ ਅਤੇ ਫੇਸਬੁੱਕ ਵਰਗੇ ਵੱਡੇ ਇੰਟਰਨੈੱਟ ਪਲੇਟਫਾਰਮਾਂ 'ਤੇ ਹੋ ਰਹੀ ਹੈ ਪਰ ਗੂਗਲ ਅਤੇ ਫੇਸਬੁੱਕ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਕਿਉਂਕਿ ਸਾਈਬਰ ਧੋਖਾਧੜੀ ਦੀਆਂ ਸ਼ਿਕਾਇਤਾਂ 'ਚ ਵੀ ਗੂਗਲ ਨੂੰ ਧਿਰ ਨਹੀਂ ਬਣਾਇਆ ਜਾ ਰਿਹਾ ਹੈ। ਜਦੋਂ ਕਿ ਦੇਸ਼ ਦੇ ਮੌਜੂਦਾ ਆਈਟੀ ਨਿਯਮ ਵਿੱਚ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਹੈ।

IT ਕਾਨੂੰਨ ਅਤੇ ਸਾਈਬਰ ਧੋਖਾਧੜੀ ਦੇ ਮਾਹਰ ਅਤੇ ਸੁਪਰੀਮ ਕੋਰਟ ਦੇ ਵਕੀਲ ਪਵਨ ਦੁੱਗਲ ਦਾ ਕਹਿਣਾ ਹੈ, 'ਇਸ ਸਾਲ ਅਕਤੂਬਰ 'ਚ IT ਨਿਯਮਾਂ 'ਚ ਸੋਧ ਕੀਤੀ ਗਈ ਹੈ, ਜਿਸ ਦੇ ਤਹਿਤ ਹੁਣ ਗੂਗਲ ਅਤੇ ਫੇਸਬੁੱਕ ਨੂੰ ਆਪਣੇ ਪਲੇਟਫਾਰਮ 'ਤੇ ਇਸ ਤਰ੍ਹਾਂ ਦੀ ਧੋਖਾਧੜੀ ਨੂੰ ਰੋਕਣ ਲਈ ਕਦਮ ਚੁੱਕਣੇ ਪੈਣਗੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਹੈ ਤਾਂ ਉਪਭੋਗਤਾ ਇਹਨਾਂ ਪਲੇਟਫਾਰਮਾਂ ਖ਼ਿਲਾਫ਼ ਅਪਰਾਧਿਕ ਕੇਸ ਦਾਇਰ ਕਰ ਸਕਦਾ ਹੈ।

IT ਕਾਨੂੰਨ ਤਹਿਤ ਵਿੱਤੀ ਮੁਆਵਜ਼ੇ ਦਾ ਦਾਅਵਾ ਵੀ ਕਰ ਸਕਦਾ ਹੈ। ਸੋਧੇ ਹੋਏ ਆਈਟੀ ਨਿਯਮਾਂ ਤਹਿਤ ਗੂਗਲ ਅਤੇ ਫੇਸਬੁੱਕ ਵਰਗੇ ਪਲੇਟਫਾਰਮਾਂ 'ਤੇ ਧੋਖਾਧੜੀ ਦੇ ਮਾਮਲੇ ਵਿੱਚ, ਸਭ ਤੋਂ ਪਹਿਲਾਂ, ਗਾਹਕ ਨੂੰ ਗੂਗਲ ਦੇ ਸ਼ਿਕਾਇਤ ਅਧਿਕਾਰੀ ਨੂੰ ਲਿਖਤੀ ਸ਼ਿਕਾਇਤ ਦੇਣੀ ਚਾਹੀਦੀ ਹੈ। ਜੇਕਰ ਇੰਟਰਨੈੱਟ ਪਲੇਟਫਾਰਮ ਕੋਈ ਕਾਰਵਾਈ ਨਹੀਂ ਕਰਦਾ ਜਾਂ ਖਪਤਕਾਰ ਇਸ ਤੋਂ ਸੰਤੁਸ਼ਟ ਨਹੀਂ ਹੈ ਤਾਂ ਉਹ ਆਈਟੀ ਨਿਯਮਾਂ ਤਹਿਤ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਸਕਦਾ ਹੈ।

ਦੂਜੇ ਪਾਸੇ ਸਰਕਾਰ ਵੀ ਅਜਿਹਾਂ ਧੋਖਾਧੜੀਆਂ ਰੋਕਣ ਲਈ ਵਿਆਪਕ ਉਪਰਾਲੇ ਕਰ ਰਹੀ ਹੈ। ਇਲੈਕਟ੍ਰਾਨਿਕਸ ਅਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਦਾ ਕਹਿਣਾ ਹੈ ਕਿ ਮੌਜੂਦਾ ਆਈਟੀ ਐਕਟ ਦੀ ਜਗ੍ਹਾ ਅਸੀਂ ਜਲਦ ਹੀ ਡਿਜੀਟਲ ਇੰਡੀਆ ਐਕਟ ਲਿਆ ਰਹੇ ਹਾਂ। ਇਸ ਲਈ ਛੇਤੀ ਹੀ ਖਰੜਾ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਪਲੇਟਫਾਰਮ 'ਤੇ ਧੋਖਾਧੜੀ ਹੋਵੇਗੀ, ਉਸ ਨੂੰ ਰੋਕਣ ਦੀ ਜ਼ਿੰਮੇਵਾਰੀ ਵੀ ਉਸੇ ਪਲੇਟਫਾਰਮ ਦੀ ਹੀ ਹੋਵੇਗੀ।