ਮਿੰਟਾਂ 'ਚ ਹੀ ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਲਾੜੀ ਨੂੰ ਪਿਆ ਦਿਲ ਦਾ ਦੌਰਾ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਰਿਵਾਰ ਦਾ ਰੋ-ਰੋ ਬੁਰਾ ਹਾਲ

photo

 

ਲਖਨਊ : ਉੱਤਰ ਪ੍ਰਦੇਸ਼ ਦੇ ਲਖਨਊ 'ਚ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ 'ਚ ਬਦਲ ਗਈਆਂ, ਜਦੋਂ ਲਾੜੇ ਨੂੰ ਜੈਮਾਲਾ ਪਹਿਨਾਉਣ ਤੋਂ ਬਾਅਦ ਲਾੜੀ ਦੀ ਮੌਤ ਹੋ ਗਈ। ਮਾਮਲਾ ਮਲੀਹਾਬਾਦ ਇਲਾਕੇ ਦੇ ਭਦਵਾਨਾ ਪਿੰਡ ਦਾ ਹੈ। ਇੱਥੇ ਰਹਿਣ ਵਾਲੇ ਰਾਜਪਾਲ ਦੀ ਬੇਟੀ ਸ਼ਿਵਾਂਗੀ ਦਾ ਵਿਆਹ ਸਮਾਗਮ ਚੱਲ ਰਿਹਾ ਸੀ। ਬੁਧੇਸ਼ਵਰ ਤੋਂ ਬਰਾਤ ਆਈ  ਸੀ।

ਵਿਆਹ 'ਚ ਸ਼ਾਮਲ ਸਾਰੇ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਸੀ। ਲੋਕ ਖਾਣਾ ਖਾ ਕੇ ਜੈਮਾਲਾ ਦੀ ਰਸਮ ਦੇਖਣ ਲਈ ਸਟੇਜ ਦੇ ਨੇੜੇ ਚਲੇ ਗਏ। ਲਾੜਾ-ਲਾੜੀ ਸਟੇਜ 'ਤੇ ਆਹਮੋ-ਸਾਹਮਣੇ ਖੜ੍ਹੇ ਸਨ। ਲਾੜੇ ਵਿਵੇਕ ਨੇ ਦੁਲਹਨ ਸ਼ਿਵਾਂਗੀ ਨੂੰ ਹਾਰ ਪਾਇਆ। ਇਸ ਤੋਂ ਬਾਅਦ ਸ਼ਿਵਾਂਗੀ ਦੀ ਵਾਰੀ ਸੀ। ਜਿਵੇਂ ਹੀ ਸ਼ਿਵਾਂਗੀ ਵਿਵੇਕ ਨੂੰ ਹਾਰ ਪਾਉਣ ਲੱਗੀ ਤਾਂ ਉਹ ਸਟੇਜ 'ਤੇ ਡਿੱਗ ਪਈ।

ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਨੇ ਦੱਸਿਆ ਕਿ ਸ਼ਿਵਾਂਗੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਦੂਜੇ ਪਾਸੇ ਲਾੜੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸਾਰੇ ਲੋਕਾਂ ਦੇ ਹੋਸ਼ ਉੱਡ ਗਏ।

ਵਿਆਹ ਸਮਾਗਮ 'ਚ ਜਿਨ੍ਹਾਂ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਸੀ, ਉਨ੍ਹਾਂ ਦੀ ਖੁਸ਼ੀ ਮਾਤਮ 'ਚ ਬਦਲ ਗਈ। ਇਸ ਦਰਦਨਾਕ ਘਟਨਾ ਕਾਰਨ ਮਾਤਾ ਕਮਲੇਸ਼ ਕੁਮਾਰੀ, ਛੋਟੀ ਭੈਣ ਸੋਨਮ ਅਤੇ ਭਰਾ ਅਮਿਤ ਸਮੇਤ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ। ਲਾੜਾ ਵਿਵੇਕ ਵੀ ਲਾੜੀ ਦੀ ਮੌਤ ਤੋਂ ਬਾਅਦ ਸਦਮੇ 'ਚ ਹੈ।