ਨਵੇਂ ਸਾਲ ਤੋਂ ਔਰਤਾਂ ਲਈ ਅਪਣੀਆਂ ਸਾਰੀਆਂ ਸ਼ਾਖਾਵਾਂ ਖੋਲ੍ਹੇਗੀ ਭਾਰਤੀ ਜਲ ਸੈਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਸੀਂ ਪਿਛਲੇ 16-17 ਸਾਲਾਂ ਤੋਂ ਮਹਿਲਾ ਅਧਿਕਾਰੀਆਂ ਦੀ ਭਰਤੀ ਕਰ ਰਹੇ ਹਾਂ ਪਰ ਪਹਿਲੀ ਵਾਰ ਅਸੀਂ ਮਹਿਲਾ ਕਰਮਚਾਰੀਆਂ ਦੀ ਭਰਤੀ ਕਰ ਰਹੇ ਹਾਂ- ਜਲ ਸੈਨਾ ਅਧਿਕਾਰੀ

The Indian Navy will open all its branches for women from the new year


ਨਵੀਂ ਦਿੱਲੀ:  ਭਾਰਤੀ ਜਲ ਸੈਨਾ ਨਵੇਂ ਸਾਲ ਤੋਂ ਔਰਤਾਂ ਲਈ ਅਪਣੀਆਂ ਸਾਰੀਆਂ ਸ਼ਾਖਾਵਾਂ ਖੋਲ੍ਹਣ ਬਾਰੇ ਵਿਚਾਰ ਕਰ ਰਹੀ ਹੈ। ਨੇਵੀ ਚੀਫ਼ ਐਡਮਿਰਲ ਆਰ ਹਰੀ ਕੁਮਾਰ ਨੇ ਇਹ ਜਾਣਕਾਰੀ ਦਿਤੀ। ਜਲ ਸੈਨਾ ਦਿਵਸ ਤੋਂ ਇਕ ਦਿਨ ਪਹਿਲਾਂ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਐਡਮਿਰਲ ਕੁਮਾਰ ਨੇ ਇਹ ਵੀ ਦਸਿਆ ਕਿ ਲਗਭਗ 3,000 ‘ਅਗਨੀਵੀਰਾਂ’ ਦੇ ਪਹਿਲੇ ਬੈਚ ਵਿਚ 341 ਔਰਤਾਂ ਵੀ ਸ਼ਾਮਲ ਹਨ।

ਜਲ ਸੈਨਾ ਦੇ ਅਧਿਕਾਰੀਆਂ ਨੇ ਪਿਛਲੇ ਸਾਲ ਦਸੰਬਰ ਵਿਚ ਕਿਹਾ ਸੀ ਕਿ ਏਅਰਕ੍ਰਾਫ਼ਟ ਕੈਰੀਅਰ ਆਈਐਨਐਸ ਵਿਕਰਮਾਦਿੱਤਿਆ ਸਮੇਤ ਕਰੀਬ 15 ਜੰਗੀ ਜਹਾਜ਼ਾਂ ’ਤੇ 28 ਮਹਿਲਾ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਇਹ ਗਿਣਤੀ ਵਧ ਸਕਦੀ ਹੈ। ਉਨ੍ਹਾਂ ਕਿਹਾ,“ਲਗਭਗ 3,000 ਅਗਨੀਵੀਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 341 ਔਰਤਾਂ ਹਨ। ਇਹ ਸਾਡੇ ਲਈ ਇਤਿਹਾਸਕ ਘਟਨਾ ਹੈ ਕਿਉਂਕਿ ਪਹਿਲੀ ਵਾਰ ਜਲ ਸੈਨਾ ਮਹਿਲਾ ਕਰਮਚਾਰੀਆਂ ਨੂੰ ਸ਼ਾਮਲ ਕਰ ਰਹੀ ਹੈ। ਅਸੀਂ ਪਿਛਲੇ 16-17 ਸਾਲਾਂ ਤੋਂ ਮਹਿਲਾ ਅਧਿਕਾਰੀਆਂ ਦੀ ਭਰਤੀ ਕਰ ਰਹੇ ਹਾਂ ਪਰ ਪਹਿਲੀ ਵਾਰ ਅਸੀਂ ਮਹਿਲਾ ਕਰਮਚਾਰੀਆਂ ਦੀ ਭਰਤੀ ਕਰ ਰਹੇ ਹਾਂ।”

ਉਨ੍ਹਾਂ ਕਿਹਾ ਕਿ ਨੇਵੀ ਅਗਲੇ ਸਾਲ ਤੋਂ ਮਹਿਲਾ ਅਧਿਕਾਰੀਆਂ ਲਈ ਅਪਣੀਆਂ ਸਾਰੀਆਂ ਸ਼ਾਖਾਵਾਂ ਖੋਲ੍ਹੇਗੀ। ਨੇਵੀ ਮੁਖੀ ਨੇ ਕਿਹਾ, “ਅਗਲੇ ਸਾਲ ਅਸੀਂ ਅਪਣੀਆਂ ਸਾਰੀਆਂ ਸ਼ਾਖਾਵਾਂ ਵਿਚ ਮਹਿਲਾ ਅਧਿਕਾਰੀਆਂ ਨੂੰ ਸ਼ਾਮਲ ਕਰਨ ਬਾਰੇ ਸੋਚ ਰਹੇ ਹਾਂ, ਨਾ ਕਿ ਸਿਰਫ਼ ਉਨ੍ਹਾਂ ਸੱਤ ਜਾਂ ਅੱਠ ਸ਼ਾਖਾਵਾਂ ਵਿਚ ਜਿਨ੍ਹਾਂ ਵਿਚ ਹੁਣ ਤਕ ਮਹਿਲਾ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।’’ ਨਵੇਂ ਸਾਲ ਤੋਂ ਮਹਿਲਾ ਅਧਿਕਾਰੀਆਂ ਲਈ ਵੀ ਸਾਰੀਆਂ ਸ਼ਾਖਾਵਾਂ ਖੋਲ੍ਹ ਦਿਤੀਆਂ ਜਾਣਗੀਆਂ। ਜਲ ਸੈਨਾ 4 ਦਸੰਬਰ ਨੂੰ ਜਲ ਸੈਨਾ ਦਿਵਸ ਵਜੋਂ ਮਨਾਉਂਦੀ ਹੈ। ਇਹ ਦਿਨ ਕਰਾਚੀ ਬੰਦਰਗਾਹ ’ਤੇ ਜਲ ਸੈਨਾ ਦੇ ਹਮਲੇ ਅਤੇ 1971 ਦੀ ਭਾਰਤ-ਪਾਕਿਸਤਾਨ ਜੰਗ ਵਿਚ ਨਿਰਣਾਇਕ ਜਿੱਤ ਦੀ ਯਾਦ ਵਿਚ ਮਨਾਇਆ ਜਾਂਦਾ ਹੈ।