ਰਾਜ ਸਭਾ 'ਚ ਮਹਿਲਾ ਮੈਂਬਰਾਂ ਨੇ ਔਰਤ ਰਾਖਵਾਂਕਰਨ ਦੀ ਮੰਗ ਚੁੱਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਅਤੇ ਵਿਧਾਨ ਸਭਾ 'ਚ ਔਰਤਾਂ ਨੂੰ 33 ਫ਼ੀ ਸਦੀ ਰਾਖਵਾਂਕਰਨ ਦੇਣ ਸਬੰਧੀ ਬਿਲ ਨੂੰ ਸੰਸਦ ਵਿਚ ਛੇਤੀ ਪਾਸ ਕਰਾਉਣ ਦੀ ਲੋੜ......

Rajya Sabha

ਨਵੀਂ ਦਿੱਲੀ  : ਲੋਕ ਸਭਾ ਅਤੇ ਵਿਧਾਨ ਸਭਾ 'ਚ ਔਰਤਾਂ ਨੂੰ 33 ਫ਼ੀ ਸਦੀ ਰਾਖਵਾਂਕਰਨ ਦੇਣ ਸਬੰਧੀ ਬਿਲ ਨੂੰ ਸੰਸਦ ਵਿਚ ਛੇਤੀ ਪਾਸ ਕਰਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਵੱਖ ਵੱਖ ਪਾਰਟੀਆਂ ਦੀਆਂ ਮਹਿਲਾ ਮੈਂਬਰਾਂ ਨੇ ਰਾਜ ਸਭਾ ਵਿਚ ਕਿਹਾ ਕਿ ਮਹਿਲਾ ਰਾਖਵਾਂਕਰਨ ਉਨ੍ਹਾਂ ਦੀ ਮਜ਼ਬੂਤੀ ਦੀ ਦਿਸ਼ਾ 'ਚ ਮਹੱਤਵਪੂਰਨ ਉਪਲਭਧੀ ਹੋਵੇਗੀ। ਸਭਾਪਤੀ ਐਮ ਵੈਂਕਈਆ ਨਾਇਡੂ ਨੇ ਇਸ ਵਿਸ਼ੇ 'ਤੇ ਚਰਚਾ ਕਰਾਉਣ ਦੇ ਮਹਿਲਾ ਮੈਂਬਰਾਂ ਦੇ ਪ੍ਰਸਤਾਵ ਨੂੰ ਮਨਜ਼ੂਰ ਕਰਦਿਆਂ ਸਿਫ਼ਰ ਕਾਲ ਵਿਚ ਇਸ ਵਿਸ਼ੇ 'ਤੇ ਵੱਖ ਵੱਖ ਪਾਰਟੀਆਂ ਦੀ ਇਕ ਇਕ ਮਹਿਲਾ ਮੈਂਬਰ ਨੂੰ ਬੋਲਣ ਦਾ ਮੌਕਾ ਦਿਤਾ। 

ਚਰਚਾ ਦੀ ਸ਼ੁਰੂਆਤ ਕਰਦਿਆਂ ਸਮਾਜਵਾਦੀ ਪਾਰਟੀ ਦੀ ਜਯਾ ਬੱਚਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਮਹਿਲਾ ਰਾਖਵਾਂਕਰਨ ਵਿਰੁਧ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਬਿਲ 'ਚ ਪੇਂਡੂ ਔਰਤਾਂ ਦੀ ਅਗਵਾਈ ਨੂੰ ਜ਼ਰੂਰੀ ਕਰਨ ਅਤੇ ਅਨੂਸੂਚਿਤ ਜਾਤੀਆਂ, ਕਬੀਲਿਆਂ ਅਤੇ ਪਿਛੜੇ ਵਰਗਾਂ ਦੀ ਔਰਤਾਂ ਨੂੰ ਵੀ ਰਾਖਵਾਂਕਰਨ 'ਚ ਹਿੱਸੇਦਾਰੀ ਦੇਣ ਦੀ ਮੰਗ ਕੀਤੀ ਹੈ। ਬੱਚਨ ਨੇ ਇਸ ਮਾਮਲੇ 'ਚ ਸਮਾਜਵਾਦੀ ਪਾਰਟੀ ਦੀ ਅਗਵਾਈ ਦੇ ਸੰਵੇਦਨਸ਼ੀਲ ਹੋਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸੰਸਦ ਦੇ ਦੋਹਾਂ ਸਦਨਾਂ 'ਚ ਉਨ੍ਹਾਂ ਦੀ ਪਾਰਟੀ ਦੀਆਂ ਮਹਿਲਾ ਮੈਂਬਰਾਂ ਦੀ ਗਿਣਤੀ ਵਿਚ ਵਾਧਾ ਹੋਏਗਾ।

ਸੀ.ਪੀ.ਐਮ. ਦੀ ਝਰਨਾ ਦਾਸ ਵੈਧ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਬਿਲ 2010 'ਚ ਰਾਜ ਸਭਾ 'ਚ ਪਾਸ ਹੋਣ ਮਗਰੋਂ ਅੱਠ ਸਾਲਾਂ ਤੋਂ ਲੋਕ ਸਭਾ 'ਚ ਲਟਕ ਰਿਹਾ ਹੈ। ਵੈਧ ਨੇ ਭਾਜਪਾ ਦੇ ਚੋਣ ਘੋਸ਼ਣਾ ਪੱਤਰ 'ਚ ਮਹਿਲਾ ਰਾਖਵਾਕਰਨ ਬਿਲ ਪਾਸ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ  ਪੂਰਨ ਬਹੁਮਤ ਦੇ ਬਾਵਜੂਦ ਅਜੇ ਤਕ ਹੇਠਲੇ ਸਦਨ 'ਚ ਇਸ ਬਿਲ ਨੂੰ ਮੰਦਭਾਗਾ ਦਸਿਆ।

ਅੰਨਾਡੀਐਮਕੇ ਦੀ ਵਿਜੀਲਾ ਸਤਿਆਨਾਥਨ ਨੇ ਤਾਮਿਲਨਾਡੂ 'ਚ ਸਥਾਨਕ  ਸੰਸਥਾਵਾਂ 'ਚ ਔਰਤਾਂ ਦਾ ਰਾਖਵਾਂਕਰਨ ਨਿਸ਼ਚਤ ਕਰਨ ਵਾਲੀ ਪਾਰਟੀ ਦੀ ਮਰਹੂਮ ਨੇਤਾ ਜੇ. ਜੈਲਲਿਤਾ ਨੂੰ  ਮਰਨ ਮਗਰੋਂ ਭਾਰਤ ਰਤਨ ਦੇਣ ਦੀ ਮੰਗ ਕੀਤੀ। ਨਾਮਜ਼ਦ ਮੈਂਬਰ ਸੋਨਲ ਮਾਨਸਿੰਘ ਨੇ ਦੋਹਾਂ ਸਦਨਾਂ ਵਿਚ ਔਰਤਾਂ ਦੀ ਬਰਾਬਰ ਨੁਮਾਇੰਦਗੀ ਹੋਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜੇ ਵੀ ਸਮਾਂ ਹੈ ਜਦੋਂ ਸਾਰੀਆਂ ਪਾਰਟੀਆਂ ਮਿਲ ਕੇ ਇਸ ਜ਼ਰੂਰਤ ਨੂੰ ਸਮਝ ਕੇ ਇਸ ਬਿਲ ਨੂੰ ਪਾਸ  ਕਰਵਾਉਣ। (ਏਜੰਸੀ)