ਅਮਰੀਕਾ-ਈਰਾਨ ਤਣਾਅ ਨੇ ਤੇਲ ਕੀਮਤਾਂ ਨੂੰ ਲਾਈ ਅੱਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਜੇ ਹੋਰ ਵਧ ਸਕਦੀਆਂ ਨੇ ਤੇਲ ਕੀਮਤਾਂ

file photo

ਨਵੀਂ ਦਿੱਲੀ : ਨਵੇਂ ਸਾਲ ਅੰਦਰ ਲੋਕਾਂ ਨੂੰ ਮਹਿੰਗਾਈ ਦੇ ਘਟਣ ਦੀ ਕੁੱਝ ਉਮੀਦ ਸੀ। ਪਰ ਤੇਲ ਕੀਮਤਾਂ 'ਚ ਵਾਧੇ ਦੇ ਰੁਝਾਨ ਕਾਰਨ ਆਉਂਦੇ ਸਮੇਂ ਵਿਚ ਮਹਿੰਗਾਈ ਦੀ ਮਾਰ ਹੋਰ ਵਧਣ ਦੇ ਅਸਾਰ ਬਣ ਗਏ ਹਨ। ਅਮਰੀਕਾ ਤੇ ਇਰਾਨ ਵਿਚਾਲੇ ਵੱਧ ਰਹੇ ਤਣਾਅ ਦਾ ਸਿੱਧਾ ਅਸਰ ਤੇਲ ਕੀਮਤਾਂ 'ਤੇ ਪੈ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਦੌਰਾਨ ਤੇਲ ਕੀਮਤਾਂ 'ਚ ਰੋਜ਼ਾਨਾ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਤੇਲ ਕੰਪਨੀਆਂ ਨੇ ਐਤਵਾਰ ਨੂੰ ਵੀ ਲਗਾਤਾਰ ਚੌਥੇ ਦਿਨ ਤੇਲ ਕੀਮਤਾਂ 'ਚ ਵਾਧਾ ਕੀਤਾ ਹੈ। ਪਹਿਲੀ ਜਨਵਰੀ ਨੂੰ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਰਹੀਆਂ ਪਰ ਅਗਲੇ ਦਿਨਾਂ ਵੀਰਵਾਰ, ਸ਼ੁੱਕਰਵਾਰ ਅਤੇ ਸਨਿੱਚਰਵਾਰ ਨੂੰ ਤੇਲ ਕੀਮਤਾਂ 'ਚ ਵਾਧਾ ਹੁੰਦਾ ਰਿਹਾ।

ਦਿੱਲੀ 'ਚ ਪਟਰੌਲ ਦੀ ਕੀਮਤ 'ਚ 10 ਪੈਸੇ ਪ੍ਰਤੀ ਲੀਟਰ ਵਾਧਾ ਹੋ ਗਿਆ ਹੈ, ਜਦਕਿ ਕੋਲਕਾਤਾ, ਮੁੰਬਈ ਤੇ ਚੇਨਈ 'ਚ 9 ਪੈਸੇ ਪ੍ਰਤੀ ਲੀਟਰ ਵਾਧਾ ਹੋਇਆ ਹੈ। ਇਸ ਵਾਧੇ ਤੋਂ ਬਾਅਦ ਇਨ੍ਹਾਂ ਸੂਬਿਆਂ ਵਿਚ ਤੇਲ ਕੀਮਤਾਂ ਤਰਤੀਬਵਾਰ 75.54, 78.13, 81.13 ਅਤੇ 78.48 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।

ਜੇਕਰ ਡੀਜ਼ਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਦਿੱਲੀ ਅਤੇ ਕੋਲਕਾਤਾ 'ਚ 11 ਪੈਸੇ ਪ੍ਰਤੀ ਲੀਟਰ ਵਾਧਾ ਹੋਇਆ ਹੈ। ਮੁੰਬਈ 'ਚ 12 ਪੈਸੇ, ਚੇਨਈ 'ਚ 11 ਪੈਸੇ ਪ੍ਰਤੀ ਲੀਟਰ ਵਧਾ ਦਿਤਾ ਗਿਆ ਹੈ। ਇਸ ਤੋਂ ਬਾਅਦ ਡੀਜ਼ਲ ਦੀ ਕੀਮਤ ਤਰਤੀਬਵਾਰ 68.51, 70.87, 71.84 ਅਤੇ 72.39 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਕਾਬਲੇਗੌਰ ਹੈ ਕਿ ਵੀਰਵਾਰ ਨੂੰ ਅਮਰੀਕਾ ਨੇ ਇਰਾਕ 'ਚ ਹਵਾਈ ਹਮਲਾ ਕੀਤਾ ਸੀ। ਇਸ ਵੱਡੀ ਘਟਨਾ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਆ ਗਿਆ ਹੈ। ਸ਼ੁੱਕਰਵਾਰ ਨੂੰ ਕੱਚੇ ਤੇਲ ਦਾ ਰੇਟ ਵਧ ਕੇ 69 ਡਾਲਰ ਪ੍ਰਤੀ ਬੈਰੇਲ 'ਤੇ ਪਹੁੰਚ ਗਿਆ ਹੈ।

ਮਾਹਿਰਾਂ ਮੁਤਾਬਕ ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਕਾਰਨ ਆਉਂਦੇ ਸਮੇਂ ਅੰਦਰ ਤੇਲ ਕੀਮਤਾਂ 'ਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ। ਕੱਚੇ ਤੇਲ ਦਾ ਮੁੱਲ 72 ਡਾਲਰ ਪ੍ਰਤੀ ਬੈਰੇਲ ਤਕ ਪਹੁੰਚ ਸਕਦਾ ਹੈ। ਇਸ ਹਿਸਾਬ ਨਾਲ ਤੇਲ ਦੀਆਂ ਕੀਮਤਾਂ 'ਚ 1:50 ਤੋਂ 2:00 ਰੁਪÂ ਤਕ ਵਾਧਾ ਹੋਣ ਦੇ ਅਸਾਰ ਨਜ਼ਰ ਆ ਰਹੇ ਹਨ।