ਦਿੱਲੀ ਮੋਰਚੇ 'ਚ ਸ਼ਾਮਲ ਭਾਕਿਊ ਦੇ ਖਜ਼ਾਨਚੀ ਜੰਗੀਰ ਸਿੰਘ ਪ੍ਰਤਾਪਗੜ੍ਹ ਦੀ ਹੋਈ ਮੌਤ
ਕਿਸਾਨ ਸੰਘਰਸ਼ ਦੇ ਸ਼ੁਰੂ ਹੋਣ ਤੋਂ ਹੀ ਦਿੱਲੀ ਮੋਰਚੇ ਵਿਖੇ ਉਨ੍ਹਾਂ ਨਾਲ ਸਨ।
ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਇਸ ਸੰਘਰਸ਼ ਵਿਚ ਹੁਣ ਤੱਕ ਲਗਭਗ 54 ਕਿਸਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ।
ਅੱਜ ਵੀ ਸਿੰਘੂ ਬਾਰਡਰ ਤੋਂ ਦੁਖਦਾਇਕ ਖਬਰ ਸਾਹਮਣੇ ਆਈ ਹੈ। ਭਾਰਤੀ ਕਿਸਾਨ ਯੂਨੀਅਨ ਭਾਕਿਊ ਰਾਜੇਵਾਲ ਦੇ ਜ਼ਿਲ੍ਹਾ ਖਜ਼ਾਨਚੀ ਜੰਗੀਰ ਸਿੰਘ (68) ਪ੍ਰਤਾਪਗੜ੍ਹ ਦੀ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦੇਈਏ ਕਿ ਉਹਨਾਂ ਦੀ ਮੌਤ ਠੰਡ ਲੱਗਣ ਕਾਰਨ ਹੋਈ ਹੈ।
ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਨਰਲ ਸਕੱਤਰ ਅਤੇ ਬਲਾਕ ਭੁੰਨਰਹੇੜੀ ਦੇ ਪ੍ਰਧਾਨ ਗੁਰਚਰਨ ਸਿੰਘ ਪਰੌੜ ਨੇ ਦੱਸਿਆ ਕਿ ਜੰਗੀਰ ਸਿੰਘ ਕਿਸਾਨ ਸੰਘਰਸ਼ ਦੇ ਸ਼ੁਰੂ ਹੋਣ ਤੋਂ ਹੀ ਦਿੱਲੀ ਮੋਰਚੇ ਵਿਖੇ ਉਨ੍ਹਾਂ ਨਾਲ ਸਨ।
ਉਹਨਾਂ ਨੂੰ ਸਾਹ ਲੈਣ ’ਚ ਦਿੱਕਤ ਆ ਰਹੀ ਸੀ ਤੇ ਉਹ ਆਪ ਹੀ ਉਹਨਾਂ ਨੂੰ ਦਿੱਲੀ ਤੋਂ ਵਾਪਸ ਲੈ ਆਏ ਅਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕਰਵਾਇਆ । ਪਿਛਲੇ ਲਗਭਗ ਦੋ ਦਿਨਾਂ ਤੋਂ ਚੱਲ ਰਹੇ ਇਲਾਜ ਉਪਰੰਤ ਅੱਜ ਕਿਸਾਨ ਆਗੂ ਜੰਗੀਰ ਸਿੰਘ ਪ੍ਰਤਾਪਗੜ੍ਹ ਦੀ ਮੌਤ ਹੋ ਗਈ।