PM ਮੋਦੀ ਕਰਨਗੇ ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪ ਲਾਈਨ ਦਾ ਉਦਘਾਟਨ, ਜ਼ਿਲ੍ਹਿਆਂ ਨੂੰ ਹੋਵੇਗਾ ਲਾਭ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

‘ਇਕ ਦੇਸ਼, 'ਇਕ ਗੈਸ ਗਰਿੱਡ’ ਦੇ ਨਿਰਮਾਣ ਵਿਚ ਇਕ ਮਹੱਤਵਪੂਰਣ ਪ੍ਰਾਪਤੀ ਹੋਵੇਗੀ।

modi

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪਲਾਈਨ ਨੂੰ ਦੇਸ਼ ਨੂੰ ਸਮਰਪਿਤ ਕਰਨਗੇ। ਇਸ ਪਾਈਪਲਾਈਨ  ਦੀ ਲੰਬਾਈ 450 ਕਿਲੋਮੀਟਰ ਦੇ ਕਰੀਬ ਹੈ ਤੇ ਇਸ ਦਾ ਨਿਰਮਾਣ ਗੇਲ (ਇੰਡੀਆ) ਲਿਮਟਿਡ ਦੁਆਰਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਫਤਰ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ‘ਇਕ ਦੇਸ਼, 'ਇਕ ਗੈਸ ਗਰਿੱਡ’ ਦੇ ਨਿਰਮਾਣ ਵਿਚ ਇਕ ਮਹੱਤਵਪੂਰਣ ਪ੍ਰਾਪਤੀ ਹੋਵੇਗੀ।

ਜਾਣਕਾਰੀ ਅਨੁਸਾਰ ਇਹ ਪਾਈਪ ਲਾਈਨ ਏਰਨਾਕੁਲਮ, ਤ੍ਰਿਸੂਰ, ਪਲਕਕਡ, ਮਲੱਪੁਰਮ, ਕੰਨੂਰ ਅਤੇ ਕਾਸਰਗੋਦ ਜ਼ਿਲ੍ਹਿਆਂ ਤੋਂ ਸ਼ੁਰੂ ਹੋਵੇਗੀ। ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਕੁਲ ਤਿੰਨ ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਪਾਈਪ ਲਾਈਨ ਜਿਨ੍ਹਾਂ ਜ਼ਿਲ੍ਹਿਆਂ ਵਿਚ ਲੰਘੇਗੀ ਉਹ ਵਪਾਰਕ ਅਤੇ ਉਦਯੋਗਿਕ ਇਕਾਈਆਂ ਨੂੰ ਕੁਦਰਤੀ ਗੈਸ ਦੀ ਸਹੂਲਤ ਮਿਲ ਪਾਏਗੀ। 

ਇਸ ਦੇ ਨਾਲ ਹੀ, ਸਾਫ਼ ਬਾਲਣ ਦੀ ਖਪਤ ਨਾਲ ਹਵਾ ਪ੍ਰਦੂਸ਼ਣ ਘਟੇਗਾ, ਜੋ ਹਵਾ ਦੀ ਕੁਆਲਟੀ ਵਿਚ ਸੁਧਾਰ ਕਰੇਗਾ। ਇਹ ਪਾਈਪ ਲਾਈਨ ਗੇਲ ਦੁਆਰਾ ਬਣਾਈ ਗਈ ਹੈ। ਇਸ ਦੇ ਜ਼ਰੀਏ ਪੀ ਐਨ ਜੀ, ਸੀ ਐਨ ਜੀ ਸੈਕਟਰ ਨੂੰ ਸਿੱਧਾ ਲਾਭ ਮਿਲੇਗਾ।