ਬਸਪਾ ਨੇ ਇਨੈਲੋ ਨਾਲ ਗਠਜੋੜ ਤੋੜਿਆ
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਹਰਿਆਣਾ ਵਿਚ ਇੰਡੀਅਨ ਨੈਸ਼ਨਲ ਲੋਕਦਲ ਨਾਲ ਗਠਜੋੜ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ....
ਲਖਨਊ : ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਹਰਿਆਣਾ ਵਿਚ ਇੰਡੀਅਨ ਨੈਸ਼ਨਲ ਲੋਕਦਲ ਨਾਲ ਗਠਜੋੜ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਮਾਇਆਵਤੀ ਨੇ ਹਰਿਆਣਾ ਦੇ ਖੇਤਰੀ ਦਲ ਵਿਚ ਵੰਡੀਆਂ ਪੈ ਜਾਣ ਕਾਰਨ ਇਹ ਫ਼ੈਸਲਾ ਕੀਤਾ। ਬਸਪਾ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਮਾਇਆਵਤੀ ਨੇ ਫ਼ੈਸਲਾ ਕੀਤਾ ਕਿ ਚੌਟਾਲਾ ਪਰਵਾਰ ਵਿਚ ਇਕਜੁਟਤਾ ਹੋਣ ਮਗਰੋਂ ਹੀ ਬਸਪਾ ਹਰਿਆਣਾ ਵਿਚ ਉਸ ਨਾਲ ਗਠਜੋੜ ਕਰੇਗੀ। ਉਨ੍ਹਾਂ ਕਿਹਾ ਕਿ ਇੰਡੀਅਨ ਨੈਸ਼ਨਲ ਲੋਕਦਲ ਦੀ ਆਪਸੀ ਖਿੱਚੋਤਾਣ ਕਾਰਨ ਜੀਂਦ ਵਿਧਾਨ ਸਭਾ ਜ਼ਿਮਨੀ ਚੋਣ ਦੇ ਨਤੀਜੇ ਉਲਟ ਰਹੇ। ਬਸਪਾ ਮੁਖੀ ਨੇ ਆਗਾਮੀ ਲੋਕ ਸਭਾ ਚੋਣਾਂ ਦੇ
ਸਨਮੁਖ ਹਰਿਆਣਾ ਵਿਚ ਪਾਰਟੀ ਅਤੇ ਚੋਣ ਤਿਆਰੀਆਂ ਦੀ ਸਮੀਖਿਆ ਕੀਤੀ। ਬਿਆਨ ਵਿਚ ਕਿਹਾ ਗਿਆ ਕਿ ਹਰਿਆਣਾ ਵਿਚ ਹਰ ਵਿਧਾਨ ਸਭਾ ਪੱਧਰ ਦੇ ਜ਼ਿੰਮੇਵਾਰ ਅਹੁਦੇਦਾਰਾਂ ਦੀ ਪਾਰਟੀ ਦੇ ਕੇਂਦਰੀ ਦਫ਼ਤਰ ਵਿਚ ਬੈਠਕ ਹੋਈ। ਬੈਠਕ ਵਿਚ ਮੌਜੂਦ ਅਹੁਦੇਦਾਰਾਂ ਨੇ ਦਸਿਆ ਕਿ ਚੌਟਾਲਾ ਪਰਵਾਰ ਵਿਚ ਜਾਰੀ ਆਪਸੀ ਘਮਾਸਾਣ ਕਾਰਨ ਹਾਲਤਾਂ ਬਦਲੀਆਂ ਹਨ ਅਤੇ ਬਸਪਾ ਦਾ ਇੰਡੀਅਨ ਨੈਸ਼ਨਲ ਲੋਕਦਲ ਨਾਲ ਗਠਜੋੜ ਵੀ ਇਸ ਤੋਂ ਅਛੂਤਾ ਨਹੀਂ ਰਿਹਾ। ਇਸ ਤੋਂ ਬਾਅਦ ਬਸਪਾ ਮੁਖੀ ਨੇ ਫ਼ੈਸਲਾ ਕੀਤਾ ਕਿ ਚੌਟਾਲਾ ਪਰਵਾਰ ਦੇ ਇਕ ਹੋਣ 'ਤੇ ਹੀ ਬਸਪਾ ਦਾ ਉਨ੍ਹਾਂ ਨਾਲ ਗਠਜੋੜ ਹੋਵੇਗਾ। (ਏਜੰਸੀ)