ਵਿਰੋਧੀ ਧਿਰਾਂ ਦਾ ਸੰਸਦ ਵਿਚ ਜ਼ੋਰਦਾਰ ਹੰਗਾਮਾ
ਲੋਕ ਸਭਾ ਵਿਚ ਤ੍ਰਿਣਮੂਲ ਕਾਂਗਰਸ ਸਮੇਤ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਕੋਲਕਾਤਾ ਵਿਚ ਸੀਬੀਆਈ-ਪੁਲਿਸ ਅਧਿਕਾਰੀਆਂ ਦੇ ਰੱਫੜ ਦਾ ਜ਼ਿਕਰ ਕਰਦਿਆਂ ਕੇਂਦਰ ਵਿਰੁਧ.....
ਨਵੀਂ ਦਿੱਲੀ : ਲੋਕ ਸਭਾ ਵਿਚ ਤ੍ਰਿਣਮੂਲ ਕਾਂਗਰਸ ਸਮੇਤ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਕੋਲਕਾਤਾ ਵਿਚ ਸੀਬੀਆਈ-ਪੁਲਿਸ ਅਧਿਕਾਰੀਆਂ ਦੇ ਰੱਫੜ ਦਾ ਜ਼ਿਕਰ ਕਰਦਿਆਂ ਕੇਂਦਰ ਵਿਰੁਧ ਸੀਬੀਆਈ ਦੀ ਦੁਰਵਰਤੋਂ ਦਾ ਦੋਸ਼ ਲਾਇਆ ਜਦਕਿ ਸਰਕਾਰ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਏਜੰਸੀ ਦੇ ਅਧਿਕਾਰੀਆਂ ਨੂੰ ਕਾਨੂੰਨ ਸਬੰਧੀ ਕੰਮਕਾਜ ਤੋਂ ਰੋਕਣਾ ਆਸਾਧਾਰਣ ਘਟਨਾ ਹੈ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉਮੀਦ ਪ੍ਰਗਟਾਈ ਕਿ ਉਹ ਸ਼ਾਰਦਾ ਘੁਟਾਲੇ ਵਿਚ ਸੀਬੀਆਈ ਦੀ ਜਾਂਚ ਵਿਚ ਸਹਿਯੋਗ ਕਰੇਗੀ ਅਤੇ ਅਨੁਕੂਲ ਮਾਹੌਲ ਉਪਲਭਧ ਕਰਾਏਗੀ।
ਇਸ ਤੋਂ ਪਹਿਲਾਂ ਸਿਫ਼ਰ ਕਾਲ ਵਿਚ ਤ੍ਰਿਣਮੂਲ ਕਾਂਗਰਸ ਦੇ ਸੌਗਤ ਰਾਏ, ਬੀਜੇਡੀ ਦੇ ਭਰਤਹਰੀ ਮਹਿਤਾਬ ਅਤੇ ਕਾਂਗਰਸ ਦੇ ਮਲਿਕਾਰਜੁਨ ਖੜਗੇ ਨੇ ਕੇਂਦਰ ਸਰਕਾਰ ਵਿਰੁਧ ਵਿਰੋਧੀ ਧਿਰਾਂ ਦੇ ਸ਼ਾਸਨ ਵਾਲੇ ਰਾਜਾਂ ਵਿਚ ਸੀਬੀਆਈ ਦੀ ਦੁਰਵਰਤੋਂ ਕਰਨ ਦਾ ਅਤੇ ਏਜੰਸੀ ਨੂੰ ਰਾਜਨੀਤਕ ਹਥਿਆਰ ਬਣਾਉਣ ਦਾ ਦੋਸ਼ ਲਾਇਆ। ਮੈਂਬਰਾਂ ਦੁਆਰਾ ਚੁੱਕੇ ਗਏ ਮੁੱਦੇ ਬਾਰੇ ਜਵਾਬ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਕੋਲਕਾਤਾ ਵਿਚ ਸੀਬੀਆਈ ਅਧਿਕਾਰੀਆਂ ਨੂੰ ਕੰਮਕਾਜ ਤੋਂ ਰੋਕਿਆ ਹੀ ਨਹੀਂ ਗਿਆ ਸਗੋਂ ਥਾਣੇ ਵਿਚ ਲਿਜਾਇਆ ਗਿਆ ਜੋ ਭਾਰਤ ਦੇ ਇਤਿਹਾਸ ਦੀ ਆਸਾਧਾਰਣ ਘਟਨਾ ਹੈ।