Interfaith Delegation: ਵੱਖ-ਵੱਖ ਧਰਮਾਂ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
ਭਾਰਤੀ ਸਰਵ ਧਰਮ ਸੰਸਦ ਦੇ ਗੋਸਵਾਮੀ ਸੁਸ਼ੀਲ ਵੀ ਵਫ਼ਦ ਦਾ ਹਿੱਸਾ ਸਨ। ਬੈਠਕ ਤੋਂ ਬਾਅਦ ਇਸ ਦੇ ਮੈਂਬਰਾਂ ਨੇ ਮੋਦੀ ਦੀ ਅਗਵਾਈ ਦੀ ਸ਼ਲਾਘਾ ਕੀਤੀ।
Interfaith Delegation: ਨਵੀਂ ਦਿੱਲੀ : ਇੰਡੀਅਨ ਮਾਈਨੋਰਿਟੀਜ਼ ਫਾਊਂਡੇਸ਼ਨ ਦੀ ਅਗਵਾਈ ’ਚ 24 ਧਾਰਮਕ ਆਗੂਆਂ ਦੇ ਇਕ ਵਫ਼ਦ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਬਾਅਦ ’ਚ ਕਿਹਾ ਕਿ ਉਹ ਭਾਰਤ ’ਚ ਅੰਤਰ-ਧਰਮ ਏਕਤਾ ਦਾ ਸੰਦੇਸ਼ ਬਾਹਰੀ ਦੁਨੀਆਂ ਤਕ ਪਹੁੰਚਾਉਣਾ ਚਾਹੁੰਦੇ ਹਨ।
ਵਫ਼ਦ ’ਚ ਆਲ ਇੰਡੀਆ ਇਮਾਮ ਆਰਗੇਨਾਈਜ਼ੇਸ਼ਨ ਦੇ ਮੁਖੀ ਇਮਾਮ ਉਮਰ ਅਹਿਮਦ ਇਲਿਆਸੀ ਅਤੇ ਮਹਾਬੋਧੀ ਇੰਟਰਨੈਸ਼ਨਲ ਮੈਡੀਟੇਸ਼ਨ ਸੈਂਟਰ ਦੇ ਸੰਸਥਾਪਕ ਪ੍ਰਧਾਨ ਭੀਖੂ ਸੰਘਫ਼ੌਜ ਤੋਂ ਇਲਾਵਾ ਸਿੱਖ, ਜੈਨ, ਈਸਾਈ ਅਤੇ ਪਾਰਸੀ ਭਾਈਚਾਰੇ ਦੇ ਨੁਮਾਇੰਦੇ ਸ਼ਾਮਲ ਸਨ। ਮੋਦੀ ਨੇ ਕਿਹਾ, ‘‘ਅੱਜ ਸੰਸਦ ’ਚ ਧਾਰਮਕ ਆਗੂਆਂ ਦੇ ਵਫ਼ਦ ਨਾਲ ਮੁਲਾਕਾਤ ਕਰ ਕੇ ਖੁਸ਼ੀ ਹੋ ਰਹੀ ਹੈ। ਮੈਂ ਸਾਡੇ ਦੇਸ਼ ਦੇ ਵਿਕਾਸ ਲਈ ਉਨ੍ਹਾਂ ਦੇ ਦਿਆਲੂ ਸ਼ਬਦਾਂ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।’’ ਪ੍ਰਧਾਨ ਮੰਤਰੀ ਨੇ ਮੀਟਿੰਗ ਦੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਭਾਰਤੀ ਸਰਵ ਧਰਮ ਸੰਸਦ ਦੇ ਗੋਸਵਾਮੀ ਸੁਸ਼ੀਲ ਵੀ ਵਫ਼ਦ ਦਾ ਹਿੱਸਾ ਸਨ। ਬੈਠਕ ਤੋਂ ਬਾਅਦ ਇਸ ਦੇ ਮੈਂਬਰਾਂ ਨੇ ਮੋਦੀ ਦੀ ਅਗਵਾਈ ਦੀ ਸ਼ਲਾਘਾ ਕੀਤੀ।
ਇਲਿਆਸੀ ਨੇ ਕਿਹਾ, ‘‘ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਮਨੁੱਖਤਾ ਸੱਭ ਤੋਂ ਵੱਡਾ ਧਰਮ ਹੈ। ਅਸੀਂ ਭਾਰਤ ’ਚ ਰਹਿੰਦੇ ਹਾਂ ਅਤੇ ਅਸੀਂ ਭਾਰਤੀ ਹਾਂ। ਸਾਨੂੰ ਦੇਸ਼ ਨੂੰ ਮਜ਼ਬੂਤ ਬਣਾਉਣਾ ਹੈ। ਅਸੀਂ ਇਹ ਸੰਦੇਸ਼ ਵੀ ਦਿਤਾ ਹੈ ਕਿ ਅਸੀਂ ਸਾਰੇ ਇਕਜੁੱਟ ਹਾਂ।’’
ਸੰਘਸੇਨਾ ਨੇ ਕਿਹਾ ਕਿ ਨਵੇਂ ਸੰਸਦ ਭਵਨ ਦਾ ਦੌਰਾ ਕਰਨਾ ਅਤੇ ਪ੍ਰਧਾਨ ਮੰਤਰੀ ਮੋਦੀ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਸੰਖੇਪ ਗੱਲਬਾਤ ਕਰਨਾ ਇਕ ਇਤਿਹਾਸਕ ਪਲ ਹੈ। ਉਨ੍ਹਾਂ ਕਿਹਾ, ‘‘ਦੇਸ਼ ਦੀ ਖੁਸ਼ਹਾਲੀ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ।’’ ਹਾਲ ਹੀ ’ਚ ਰਾਜ ਸਭਾ ਲਈ ਨਾਮਜ਼ਦ ਕੀਤੇ ਗਏ ਅਤੇ ਮੀਟਿੰਗ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਉਹ ਬਾਹਰੀ ਦੁਨੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਭਾਰਤ ਇਕ ਰਾਸ਼ਟਰ ਵਜੋਂ ਇਕਜੁੱਟ ਹੈ ਅਤੇ ਸਰਕਾਰ ‘ਨੇਸ਼ਨ ਫਸਟ’ ਅਤੇ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਵ ਨਾਲ ਕੰਮ ਕਰ ਰਹੀ ਹੈ।