Snowfall, Rains in Himachal: ਹਿਮਾਚਲ ’ਚ ਬਰਫ਼ਬਾਰੀ ਅਤੇ ਮੀਂਹ ਜਾਰੀ, ਚਾਰ ਨੈਸ਼ਨਲ ਹਾਈਵੇ ਸਮੇਤ 645 ਸੜਕਾਂ ਬੰਦ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਿਰਗਾਓਂ ’ਚ ਸਭ ਤੋਂ ਵੱਧ 35 ਸੈਂਟੀਮੀਟਰ ਬਰਫ਼ ਪਈ, ਸੁੰਦਰਨਗਰ ’ਚ ਸੱਭ ਤੋਂ ਵੱਧ 60 ਮਿਲੀਮੀਟਰ ਮੀਂਹ

File Photo

Snowfall, Rains in Himachal: ਸ਼ਿਮਲਾ: ਹਿਮਾਚਲ ਪ੍ਰਦੇਸ਼ ’ਚ ਬਰਫ਼ਬਾਰੀ ਅਤੇ ਮੀਂਹ ਜਾਰੀ ਹੈ, ਜਿਸ ਕਾਰਨ ਆਮ ਲੋਕਾਂ ਦੇ ਜੀਵਨ ’ਤੇ ਅਸਰ ਪਿਆ ਹੈ। ਚਾਰ ਨੈਸ਼ਨਲ ਹਾਈਵੇ ਸਮੇਤ 645 ਸੜਕਾਂ ਗੱਡੀਆਂ  ਦੀ ਆਵਾਜਾਈ ਲਈ ਬੰਦ ਕਰ ਦਿਤੀਆਂ ਗਈਆਂ ਹਨ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਇਹ ਜਾਣਕਾਰੀ ਦਿਤੀ। ਕੇਂਦਰ ਨੇ ਕਿਹਾ ਕਿ ਸੂਬੇ ਦੀ ਰਾਜਧਾਨੀ ਸ਼ਿਮਲਾ ’ਚ 242, ਲਾਹੌਲ ਅਤੇ ਸਪੀਤੀ ’ਚ 157, ਕੁਲੂ ’ਚ 93, ਚੰਬਾ ’ਚ 61 ਅਤੇ ਮੰਡੀ ਜ਼ਿਲ੍ਹਿਆਂ ’ਚ 51 ਸੜਕਾਂ ਬੰਦ ਕਰ ਦਿਤੀਆਂ ਗਈਆਂ ਹਨ। 

ਸਥਾਨਕ ਮੌਸਮ ਵਿਭਾਗ ਨੇ ਦਸਿਆ  ਕਿ ਪਿਛਲੇ 24 ਘੰਟਿਆਂ ’ਚ ਚਿਰਗਾਓਂ ’ਚ 35 ਸੈਂਟੀਮੀਟਰ, ਖਦਰਾਲਾ ’ਚ 30 ਸੈਂਟੀਮੀਟਰ, ਮਨਾਲੀ ’ਚ 23.6 ਸੈਂਟੀਮੀਟਰ, ਨਾਰਕੰਡਾ ’ਚ 20 ਸੈਂਟੀਮੀਟਰ, ਗੋਂਡਲਾ ’ਚ 16.5 ਸੈਂਟੀਮੀਟਰ, ਕੇਲੌਂਗ ’ਚ 15.2 ਸੈਂਟੀਮੀਟਰ, ਸ਼ਿਲਾਰੂ ’ਚ 15 ਸੈਂਟੀਮੀਟਰ, ਸਾਂਗਲਾ ’ਚ 8.2 ਸੈਂਟੀਮੀਟਰ, ਕੁਕੁਮਸੇਰੀ ’ਚ 7.1 ਸੈਂਟੀਮੀਟਰ, ਕਲਪਾ ’ਚ 7 ਸੈਂਟੀਮੀਟਰ ਅਤੇ ਸ਼ਿਮਲਾ ’ਚ 2 ਸੈਂਟੀਮੀਟਰ ਬਰਫ਼ਬਾਰੀ ਹੋਈ।  

ਮੌਸਮ ਵਿਭਾਗ ਨੇ ਦਸਿਆ  ਕਿ ਸੁੰਦਰਨਗਰ ’ਚ ਸੱਭ ਤੋਂ ਵੱਧ 60 ਮਿਲੀਮੀਟਰ, ਕਰਸੋਗ ’ਚ 56 ਮਿਲੀਮੀਟਰ, ਜੋਗਿੰਦਰਨਗਰ ’ਚ 53 ਮਿਲੀਮੀਟਰ, ਕਤੂਲਾ ’ਚ 52 ਮਿਲੀਮੀਟਰ, ਬੈਜਨਾਥ ’ਚ 48 ਮਿਲੀਮੀਟਰ, ਸਲੈਪਰ ’ਚ 46 ਮਿਲੀਮੀਟਰ, ਭੂੰਤਰ ’ਚ 49 ਮਿਲੀਮੀਟਰ ਅਤੇ ਸਿਓਬਾਗ ਅਤੇ ਬਾਗੀ ’ਚ 42 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। 

ਮੌਸਮ ਵਿਭਾਗ ਨੇ ਕਿਹਾ ਕਿ ਘੱਟੋ-ਘੱਟ ਤਾਪਮਾਨ ’ਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੋਇਆ, ਹਾਲਾਂਕਿ ਵੱਡੀ ਗਿਰਾਵਟ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਿਹਾ। ਲਾਹੌਲ-ਸਪੀਤੀ ਦਾ ਕੁਕੁਮਸੇਰੀ ਰਾਤ ਦਾ ਸੱਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਤਾਪਮਾਨ ਮਾਈਨਸ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ  ਕਾਂਗੜਾ ਦਾ ਦੇਹਰਾ ਗੋਪੀਪੁਰ 14 ਡਿਗਰੀ ਸੈਲਸੀਅਸ ਨਾਲ ਸੱਭ ਤੋਂ ਗਰਮ ਰਿਹਾ। ਸਥਾਨਕ ਮੌਸਮ ਵਿਭਾਗ ਨੇ ਅਗਲੇ ਛੇ ਦਿਨਾਂ ਲਈ ਰਾਜ ’ਚ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ।