ਬ੍ਰਾਜ਼ੀਲ ਦੇ ਪਸ਼ੂ ਮੇਲੇ ’ਚ 40 ਕਰੋੜ ਵਿਚ ਵਿਕੀ ਭਾਰਤੀ ਨਸਲ ਦੀ ਗਾਂ, ਤੋੜੇ ਸਾਰੇ ਰਿਕਾਰਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਵਿਚ ਪਾਈ ਜਾਂਦੀ ਹੈ ਨੇਲੋਰ ਨਸਲ ਦੀ ਇਹ ਗਾਂ 

Indian breed cow sold for Rs 40 crore in Brazil cattle fair, breaks all records

ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਬਣਾਈ ਥਾਂ 

ਬ੍ਰਾਜ਼ੀਲ ’ਚ ਆਯੋਜਤ ਪਸ਼ੂ ਮੇਲੇ ’ਚ ਭਾਰਤੀ ਨਸਲ ਦੀ ਗਾਂ 40 ਕਰੋੜ ਰੁਪਏ ’ਚ ਵਿਕ ਗਈ ਹੈ। ਕਿਸੇ ਵੀ ਗਾਂ ਲਈ ਇਹ ਹੁਣ ਤਕ ਦੀ ਸਭ ਤੋਂ ਮਹਿੰਗੀ ਬੋਲੀ ਹੈ, ਜਿਸ ਨੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਜਗ੍ਹਾ ਬਣਾ ਲਈ ਹੈ। ਇਹ ਬੋਲੀ ਬ੍ਰਾਜ਼ੀਲ ਦੇ ਮਿਨਾਸ ਗੇਰੇਸ ਵਿਚ ਹੋਈ, ਜਿੱਥੇ ਇਕ ਗਾਹਕ ਨੇ ਵਿਏਟੀਨਾ-19 ਨਾਮ ਦੀ ਗਾਂ ਲਈ ਇੰਨੀ ਉੱਚੀ ਬੋਲੀ ਲਗਾਈ। ਗਾਂ ਦਾ ਭਾਰ 1101 ਕਿਲੋ ਪਾਇਆ ਗਿਆ ਜੋ ਕਿ ਇਸ ਨਸਲ ਦੀਆਂ ਹੋਰ ਗਾਵਾਂ ਦੇ ਮੁਕਾਬਲੇ ਲਗਭਗ ਦੁੱਗਣਾ ਹੈ। ਨੇਲੋਰ ਨਸਲ ਦੀ ਇਹ ਗਾਂ ਚਰਚਾ ਵਿੱਚ ਆ ਗਈ ਹੈ। ਇਹ ਨਸਲ ਭਾਰਤ ਵਿਚ ਆਂਧਰਾ ਪ੍ਰਦੇਸ਼, ਤੇਲੰਗਾਨਾ ’ਚ ਪਾਈ ਜਾਂਦੀ ਹੈ। ਵਿਆਟੀਨਾ-19 ਨਾਂ ਦੀ ਗਾਂ ਨੇ ਪੂਰੀ ਦੁਨੀਆ ’ਚ ਪਛਾਣ ਬਣਾਈ ਹੈ। ਇਹ ਅਪਣੇ ਬੇਮਿਸਾਲ ਜੀਨਾਂ ਅਤੇ ਸਰੀਰਕ ਸੁੰਦਰਤਾ ਲਈ ਜਾਣੀ ਜਾਂਦੀ ਹੈ। ਇਸ ਗਾਂ ਨੇ ਮਿਸ ਸਾਊਥ ਅਮਰੀਕਾ ਦਾ ਖ਼ਿਤਾਬ ਵੀ ਜਿੱਤਿਆ ਸੀ। ਉਦੋਂ ਤੋਂ ਇਹ ਚਰਚਾ ’ਚ ਹੈ। 

ਗਾਵਾਂ ਦੀ ਨੇਲੋਰ ਨਸਲ ਨੂੰ ਓਂਗੋਲ ਨਸਲ ਵਜੋਂ ਵੀ ਜਾਣਿਆ ਜਾਂਦਾ ਹੈ। ਇਨ੍ਹਾਂ ਗਾਵਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਬੇਹੱਦ ਔਖੀਆਂ ਅਤੇ ਗਰਮ ਸਥਿਤੀਆਂ ਵਿਚ ਵੀ ਰਹਿ ਸਕਦੀਆਂ ਹਨ। ਉਨ੍ਹਾਂ ਦੀ ਦੁੱਧ ਦੇਣ ਦੀ ਸਮਰੱਥਾ ’ਤੇ ਕੋਈ ਅਸਰ ਨਹੀਂ ਪੈਂਦਾ। ਆਮ ਤੌਰ ’ਤੇ, ਬਹੁਤ ਜ਼ਿਆਦਾ ਗਰਮ ਮੌਸਮ ਵਿਚ ਗਾਵਾਂ ਦਾ ਦੁੱਧ ਉਤਪਾਦਨ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਨੇਲੋਰ ਨਸਲ ਦੀਆਂ ਗਾਵਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਵੀ ਸ਼ਾਨਦਾਰ ਹੈ ਅਤੇ ਉਹ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਪ੍ਰਸਿੱਧੀ ਪੂਰੀ ਦੁਨੀਆ ਵਿਚ ਬਹੁਤ ਜ਼ਿਆਦਾ ਹੈ।

ਇਹ ਗਾਵਾਂ ਬਹੁਤ ਘੱਟ ਦੇਖਭਾਲ ਦੇ ਨਾਲ ਵੀ ਮੁਸ਼ਕਲ ਸਥਿਤੀਆਂ ਵਿਚ ਰਹਿ ਸਕਦੀਆਂ ਹਨ। ਚਿੱਟੇ ਫਰ ਅਤੇ ਮੋਢਿਆਂ ’ਤੇ ਉੱਚੀਆਂ ਕੂਬਾਂ ਵਾਲੀਆਂ ਇਨ੍ਹਾਂ ਗਾਵਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਊਠਾਂ ਵਾਂਗ ਖਾਣ-ਪੀਣ ਦੀ ਸਮੱਗਰੀ ਨੂੰ ਲੰਮੇ ਸਮੇਂ ਤਕ ਸਟੋਰ ਕਰਦੀਆਂ ਹਨ। ਇਸ ਕਾਰਨ ਉਨ੍ਹਾਂ ਲਈ ਰੇਗਿਸਤਾਨ ਅਤੇ ਗਰਮ ਖੇਤਰਾਂ ਵਿਚ ਰਹਿਣਾ ਆਸਾਨ ਹੁੰਦਾ ਹੈ। ਇਹੀ ਕਾਰਨ ਹੈ ਕਿ ਦੁਨੀਆ ਭਰ ਵਿਚ ਨੇਲੋਰ ਨਸਲ ਦੀਆਂ ਗਾਵਾਂ ਦੀ ਮੰਗ ਵਧ ਗਈ ਹੈ। ਕਈ ਵਾਰ ਚਾਰੇ ਆਦਿ ਦੀ ਘਾਟ ਕਾਰਨ ਪਸ਼ੂਆਂ ਦਾ ਜਿਊਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਵਿਚ ਇਹ ਗਾਵਾਂ ਇਕ ਚੰਗਾ ਵਿਕਲਪ ਹੈ। ਇਹ ਗਾਵਾਂ ਚਰਬੀ ਸਟੋਰ ਕਰਦੀਆਂ ਹਨ। ਔਖੇ ਹਾਲਾਤਾਂ ਵਿਚ ਵੀ ਉਨ੍ਹਾਂ ਦੀ ਸਿਹਤ ’ਤੇ ਇਸ ਦਾ ਬਹੁਤਾ ਅਸਰ ਪੈਂਦਾ ਨਜ਼ਰ ਨਹੀਂ ਆਉਂਦਾ। ਬ੍ਰਾਜ਼ੀਲ ਵਿਚ ਨੇਲੋਰ ਨਸਲ ਦੀਆਂ ਗਾਵਾਂ ਨੂੰ ਵੀ ਵੱਡੇ ਪੱਧਰ ’ਤੇ ਪਾਲਿਆ ਜਾਂਦਾ ਹੈ। ਸਾਲ 1800 ਤੋਂ ਹੀ ਬ੍ਰਾਜ਼ੀਲ ਵਿਚ ਇਨ੍ਹਾਂ ਗਾਵਾਂ ਨੂੰ ਪਾਲਿਆ ਜਾ ਰਿਹਾ ਹੈ।