ਮਮਤਾ ਅਤੇ ਭਾਜਪਾ ’ਚ ਹੋਵੇਗੀ ਜ਼ਬਰਦਸਤ ਟੱਕਰ, ਅੱਜ ਜਾਰੀ ਹੋ ਸਕਦੀ ਹੈ ਉਮੀਦਵਾਰਾਂ ਦੀ ਸੂਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਕੋਲਕਾਤਾ ਦੇ ਇਤਿਹਾਸਕ ਬ੍ਰਿਗੇਡ ਪਰੇਡ ਮੈਦਾਨ ਤੋਂ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ।

Mamata Banerjee

ਕੋਲਕਾਤਾ: ਪੱਛਮੀ ਬੰਗਾਲ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਵਿਚਾਲੇ ਵਿਧਾਨ ਸਭਾ ਚੋਣਾਂ ਲਈ ਤ੍ਰਿਣਮੂਲ ਕਾਂਗਰਸ ਉਮੀਦਵਾਰਾਂ ਦੀ ਸੂਚੀ ਅੱਜ ਜਾਰੀ ਹੋ ਸਕਦੀ ਹੈ। ਸੂਤਰਾਂ ਦੇ ਮੁਤਾਬਿਕ ਸਾਰੀਆਂ ਸੀਟਾਂ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਅਗਲੇ ਹਫ਼ਤੇ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਕੋਲਕਾਤਾ ਦੇ ਇਤਿਹਾਸਕ ਬ੍ਰਿਗੇਡ ਪਰੇਡ ਮੈਦਾਨ ਤੋਂ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। 

ਇਸ ਦੇ ਨਾਲ ਹੀ ਮੁੱਖ ਮੰਤਰੀ ਮਮਤਾ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਅਤੇ ਮਹਿੰਗਾਈ ਦੇ ਮੁੱਦੇ 'ਤੇ ਰੈਲੀ ਕਰਨਗੇ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਖਿਲਾਫ ਭਾਜਪਾ ਵਲੋਂ ਆਪਣੀ ਪੂਰੀ ਸਮਰਥਾ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਜਪਾ ਦੇ ਵੱਡੇ ਵੱਡੇ ਲੀਡਰ ਮਮਤਾ ਬੈਨਰਜੀ ਖਿਲਾਫ ਪੱਛਮੀ ਬੰਗਾਲ ਵਿਚ ਪ੍ਰਚਾਰ 'ਚ ਜੁੱਟੇ ਹੋਏ ਹਨ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪੱਛਮੀ ਬੰਗਾਲ ਵਿਚ ਪਹਿਲੇ ਦੋ ਪੜਾਵਾਂ ਵਿਚ, ਜਿਨ੍ਹਾਂ ਹਲਕਿਆਂ ਵਿਚ ਵੋਟਾਂ ਪੈਣੀਆਂ ਹਨ, ਉੱਥੇ ਉਮੀਦਵਾਰਾਂ ਦੇ ਨਾਂਅ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ ਸਨ। ਹਾਲਾਂਕਿ, ਉਮੀਦਵਾਰਾਂ ਦੇ ਨਾਂਅ ਦੀ ਘੋਸ਼ਣਾ ਨਹੀਂ ਕੀਤੀ ਗਈ ਸੀ। 

ਪੱਛਮੀ ਬੰਗਾਲ ਚੋਣਾਂ ਦੀ ਸੂਚੀ 
ਪਹਿਲੇ ਪੜਾਅ ਵਿੱਚ, ਪੱਛਮੀ ਬੰਗਾਲ ਦੀਆਂ 294 ਸੀਟਾਂ ਵਿੱਚੋਂ 30 ਸੀਟਾਂ ਤੇ 27 ਮਾਰਚ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ, 1 ਅਪ੍ਰੈਲ ਨੂੰ 30 ਹੋਰ ਸੀਟਾਂ 'ਤੇ ਦੂਜੇ ਪੜਾਅ ਦੀਆਂ ਵੋਟਾਂ ਪੈਣਗੀਆਂ, 6 ਅਪ੍ਰੈਲ ਨੂੰ ਤੀਜੇ ਪੜਾਅ ਦੀਆਂ 31 ਸੀਟਾਂ ਤੇ, 10 ਅਪ੍ਰੈਲ ਨੂੰ ਚੌਥੇ ਪੜਾਅ ਦੀਆਂ 44 ਸੀਟਾਂ ਤੇ, 17 ਅਪ੍ਰੈਲ ਨੂੰ ਪੰਜਵੇਂ ਪੜਾਅ ਦੀਆਂ 45 ਸੀਟਾਂ ਤੇ, ਛੇਵੇਂ ਪੜਾਅ ਵਿਚ 22 ਅਪ੍ਰੈਲ ਨੂੰ 43 ਸੀਟਾਂ ਤੇ, 26 ਅਪ੍ਰੈਲ ਨੂੰ ਸੱਤਵੇਂ ਪੜਾਅ ਦੀਆਂ 36 ਸੀਟਾਂ ਅਤੇ 29 ਅਪ੍ਰੈਲ ਨੂੰ ਅੱਠਵੇਂ ਪੜਾਅ ਵਿੱਚ 35 ਸੀਟਾਂ ਤੇ ਵੋਟਾਂ ਪਾਈਆਂ ਜਾਣਗੀਆਂ। ਨਤੀਜੇ ਚਾਰ ਹੋਰ ਸੂਬਿਆਂ ਦੇ ਨਾਲ 2 ਮਈ ਨੂੰ ਐਲਾਨੇ ਜਾਣਗੇ।