ਅਯੁੱਧਿਆ: ਡੀਐਮ ਦੀ ਰਿਹਾਇਸ਼ ਦੇ ਬੋਰਡ ਦਾ ਰੰਗ ਬਦਲਣ ਕਰ ਕੇ ਅਧਿਕਾਰੀ ਨੂੰ ਕੀਤਾ ਮੁਅੱਤਲ
ਸਾਈਨ ਬੋਰਡ ਦੇ ਰੰਗ ਨੂੰ ਲੈ ਕੇ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ।
ਨਵੀਂ ਦਿੱਲੀ - ਅਯੁੱਧਿਆ ਦੀ ਡੀਐਮ ਰਿਹਾਇਸ਼ ਦੇ ਬੋਰਡ ਦਾ ਰੰਗ ਬਦਲਣ ਦੇ ਮਾਮਲੇ ਵਿਚ ਅੱਜ ਕਾਰਵਾਈ ਕੀਤੀ ਗਈ ਹੈ। ਮਾਮਲੇ ਨੂੰ ਰਫ਼ਤਾਰ ਫੜਦਾ ਦੇਖ ਕੇ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਦੇ ਜੂਨੀਅਰ ਇੰਜਨੀਅਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਅਯੁੱਧਿਆ ਡੀਐਮ ਨਿਵਾਸ ਦੇ ਸਾਈਨ ਬੋਰਡ ਦੇ ਰੰਗ ਨੂੰ ਲੈ ਕੇ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਸੱਤਵੇਂ ਗੇੜ ਦੀਆਂ ਚੋਣਾਂ ਹੋਣੀਆਂ ਅਜੇ ਬਾਕੀ ਹਨ, ਅਜਿਹੇ ਵਿਚ ਸਾਈਨ ਬੋਰਡ ਦਾ ਰੰਗ ਭਗਵੇ ਤੋਂ ਹਰਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬੋਰਡ ਦਾ ਰੰਗ ਹਰੇ ਤੋਂ ਲਾਲ ਕਰ ਦਿੱਤਾ ਗਿਆ।
ਪਿਛਲੇ ਸਾਲ ਤੋਂ ਅਯੁੱਧਿਆ ਦੇ ਡੀਐਮ ਨਿਵਾਸ ਵਿਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ। 24 ਅਕਤੂਬਰ 2021 ਨੂੰ ਅਯੁੱਧਿਆ ਦੇ ਤਤਕਾਲੀ ਡੀਐਮ ਅਨੁਜ ਕੁਮਾਰ ਝਾਅ ਦਾ ਤਬਾਦਲਾ ਅਯੁੱਧਿਆ ਕਰ ਦਿੱਤਾ ਗਿਆ। ਉਸ ਦੇ ਆਉਣ ਤੋਂ ਪਹਿਲਾਂ ਹੀ ਇਹ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਉਨ੍ਹਾਂ ਦੀ ਰਿਹਾਇਸ਼ ਨੂੰ ਲੋਕ ਨਿਰਮਾਣ ਵਿਭਾਗ ਦੇ ਗੈਸਟ ਹਾਊਸ ਵਿਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦਾ ਕੈਂਪ ਆਫਿਸ ਵੀ ਹੈ। ਫਿਰ ਜ਼ਿਲ੍ਹਾ ਮੈਜਿਸਟਰੇਟ ਦੀ ਇਸ ਰਿਹਾਇਸ਼ ਦੇ ਬਾਹਰ ਭਗਵੇਂ ਰੰਗ ਦਾ ਬੋਰਡ ਲਗਾ ਦਿੱਤਾ ਗਿਆ। ਇਸ 'ਤੇ ਚਿੱਟੇ ਰੰਗ 'ਚ ਜ਼ਿਲ੍ਹਾ ਮੈਜਿਸਟਰੇਟ ਦੀ ਰਿਹਾਇਸ਼ ਲਿਖਿਆ ਹੋਇਆ ਸੀ।
ਬੁੱਧਵਾਰ 2 ਮਾਰਚ ਨੂੰ ਹਰੇ ਰੰਗ ਵਿਚ ਬਦਲ ਦਿੱਤਾ ਗਿਆ ਸੀ, ਜਿਸ ਨਾਲ ਵਿਵਾਦ ਪੈਦਾ ਹੋ ਗਿਆ। ਅਗਲੇ ਹੀ ਦਿਨ ਵੀਰਵਾਰ ਨੂੰ ਇਸ ਨੂੰ ਭਗਵਾ ਕਰ ਦਿੱਤਾ ਗਿਆ। ਵਿਵਾਦ ਵਧਦਾ ਦੇਖ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਅਤੇ ਰੰਗ ਬਦਲ ਕੇ ਭਗਵੇਂ ਤੋਂ ਬਾਅਦ ਲਾਲ ਕਰ ਦਿੱਤਾ ਗਿਆ। ਇਸ ਸਮੇਂ ਨਿਤੀਸ਼ ਕੁਮਾਰ ਅਯੁੱਧਿਆ ਦੇ ਡੀਐਮ ਹਨ।
ਇਸ ਦੌਰਾਨ ਸਾਈਨ ਬੋਰਡ ਦਾ ਬਦਲਦਾ ਰੰਗ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ। ਜਦੋਂ ਇਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨ ਲਈ ਕਿਹਾ। ਫਿਲਹਾਲ ਪ੍ਰਸ਼ਾਸਨ ਨੇ ਲੋਕ ਨਿਰਮਾਣ ਵਿਭਾਗ ਦੇ ਜੂਨੀਅਰ ਇੰਜੀਨੀਅਰ ਅਜੇ ਕੁਮਾਰ ਸ਼ੁਕਲਾ ਨੂੰ ਮੁਅੱਤਲ ਕਰ ਦਿੱਤਾ ਹੈ। ਇਕ ਰਿਪੋਰਟ ਮੁਤਾਬਕ ਇਸ ਮਾਮਲੇ 'ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਨੇ ਉੱਚ ਅਧਿਕਾਰੀਆਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਹੀ ਡੀਐੱਮ ਦੀ ਰਿਹਾਇਸ਼ ਦਾ ਬੋਰਡ ਬਦਲ ਦਿੱਤਾ ਹੈ।
ਅਸਲ ਵਿੱਚ, ਭਾਰਤ ਵਿੱਚ ਰੰਗ ਦੀ ਰਾਜਨੀਤੀ ਬਹੁਤ ਮਾਇਨੇ ਰੱਖਦੀ ਹੈ। ਸਿਆਸੀ ਪਾਰਟੀਆਂ ਅਕਸਰ ਆਪਣੇ ਚੋਣ ਨਿਸ਼ਾਨ ਜਾਂ ਪਛਾਣ ਦੇ ਆਧਾਰ 'ਤੇ ਸਰਕਾਰੀ ਦਫ਼ਤਰਾਂ ਜਾਂ ਇਮਾਰਤਾਂ ਦੇ ਰੰਗ ਬਦਲਣ ਦੀ ਕੋਸ਼ਿਸ਼ ਕਰਦੀਆਂ ਹਨ। ਸਾਲ 2017 'ਚ ਉੱਤਰ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ 'ਚ ਰੰਗ ਦੀ ਰਾਜਨੀਤੀ ਨੇ ਕਾਫੀ ਜ਼ੋਰ ਫੜ ਲਿਆ ਸੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਯੂਪੀ ਸਰਕਾਰ ਨੇ ਸੂਬੇ ਦੀਆਂ ਕਈ ਅਹਿਮ ਥਾਵਾਂ, ਇਮਾਰਤਾਂ, ਬੱਸਾਂ, ਬੋਰਡਾਂ ਆਦਿ ਨੂੰ ਭਗਵੇਂ ਰੰਗ ਵਿਚ ਰੰਗਿਆ ਹੈ। ਇਸ ਦੇ ਨਾਲ ਹੀ ਯੋਗੀ ਤੋਂ ਪਹਿਲਾਂ ਅਖਿਲੇਸ਼ ਯਾਦਵ ਦੀ ਸਰਕਾਰ ਦੌਰਾਨ ਸੂਬੇ 'ਚ ਹਰੇ ਅਤੇ ਲਾਲ ਰੰਗ ਦੀ ਲਹਿਰ ਚੱਲੀ ਸੀ।