ਗ੍ਰਿਫ਼ਤਾਰੀ ਤੋਂ ਬਚਣ ਤੋਂ ਬਾਅਦ ਬੋਲੇ ਇਮਰਾਨ ਖਾਨ, ''ਬਦਮਾਸ਼ਾਂ ਨੂੰ PM ਬਣਾਇਆ ਗਿਆ ਤਾਂ ਦੇਸ਼ ਦਾ ਭਵਿੱਖ ਕੀ ਹੋਵੇਗਾ'

ਏਜੰਸੀ

ਖ਼ਬਰਾਂ, ਰਾਸ਼ਟਰੀ

ਜਦੋਂ ਪੁਲਿਸ ਸੁਪਰਡੈਂਟ ਇਮਰਾਨ ਖਾਨ ਦੇ ਘਰ ਪਹੁੰਚੇ ਤਾਂ ਸਾਬਕਾ ਪ੍ਰਧਾਨ ਮੰਤਰੀ ਉੱਥੇ ਨਹੀਂ ਮਿਲੇ

Imran Khan

ਇਸਲਾਮਾਬਾਦ - ਗ੍ਰਿਫ਼ਤਾਰੀ ਦੇ ਸੰਕਟ ਵਿਚਾਲੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ 'ਤੇ ਨਿਸ਼ਾਨਾ ਸਾਧਿਆ ਹੈ। ਇਮਰਾਨ ਨੇ ਸ਼ਹਿਬਾਜ਼ ਸ਼ਰੀਫ 'ਤੇ ਦੋਸ਼ ਲਗਾਇਆ ਕਿ ਉਹ ਕਿਵੇਂ ਸੰਸਥਾਵਾਂ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਜੁੜੇ ਮਾਮਲਿਆਂ 'ਚ ਕਲੀਨ ਚਿੱਟ ਲੈ ਰਹੇ ਹਨ। ਇਸ ਬਾਰੇ ਇਮਰਾਨ ਖਾਨ ਨੇ ਟਵੀਟ ਵੀ ਕੀਤਾ ਹੈ। ਇਮਰਾਨ ਨੇ ਆਪਣੇ ਟਵੀਟ 'ਚ ਸ਼ਾਹਬਾਜ਼ ਸ਼ਰੀਫ ਨੂੰ 'ਬਦਮਾਸ਼' ਵੀ ਕਿਹਾ ਹੈ।
ਇਮਰਾਨ ਖਾਨ ਨੇ ਟਵੀਟ ਕੀਤਾ ਕਿ ਜਦੋਂ ਕਿਸੇ ਦੇਸ਼ 'ਤੇ ਸ਼ਾਸਕਾਂ ਦੇ ਤੌਰ 'ਤੇ ਬਦਮਾਸ਼ ਥੋਪੇ ਜਾਣ ਤਾਂ ਉਸ ਦਾ ਭਵਿੱਖ ਕੀ ਹੋ ਸਕਦਾ ਹੈ?

ਸ਼ਾਹਬਾਜ਼ ਸ਼ਰੀਫ਼ 'ਤੇ NAB ਦੁਆਰਾ 8 ਬਿਲੀਅਨ ਰੁਪਏ ਦੇ ਮਨੀ ਲਾਂਡਰਿੰਗ ਅਤੇ ਐਫਆਈਏ ਦੁਆਰਾ 16 ਬਿਲੀਅਨ ਰੁਪਏ ਦੇ ਇੱਕ ਹੋਰ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਜਾਣ ਵਾਲੇ ਸਨ, ਪਰ ਉਨ੍ਹਾਂ ਨੂੰ ਜਨਰਲ ਬਾਜਵਾ ਨੇ ਬਚਾ ਲਿਆ ਸੀ। ਉਹ ਐਨਏਬੀ ਕੇਸਾਂ ਦੀ ਸੁਣਵਾਈ ਟਾਲਦੇ ਰਹੇ। ਇਮਰਾਨ ਖਾਨ ਨੇ ਕਿਹਾ ਕਿ ਮੁਕੱਦਮੇ ਦੌਰਾਨ ਹੀ ਸ਼ਾਹਬਾਜ਼ ਸ਼ਰੀਫ ਨੂੰ ਪੀਐਮ ਬਣਾਇਆ ਗਿਆ ਸੀ।

ਇਮਰਾਖ ਖਾਨ ਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ 'ਤੇ ਦੋਸ਼ ਲਗਾਇਆ ਕਿ ਜੋ ਵਿਅਕਤੀ ਪਹਿਲਾਂ ਇਨ੍ਹਾਂ ਸੰਸਥਾਵਾਂ ਦੇ ਘੇਰੇ 'ਚ ਸੀ, ਅਚਾਨਕ ਉਸੇ ਵਿਅਕਤੀ ਨੇ ਇਨ੍ਹਾਂ ਸੰਸਥਾਵਾਂ ਦੇ ਮੁਖੀਆਂ ਦੀ ਚੋਣ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ FIA ਅਤੇ ਹੁਣ NAB ਦੇ ਮੁਖੀ ਨੂੰ ਚੁਣਨ ਵਿਚ ਪ੍ਰਧਾਨ ਮੰਤਰੀ ਦੀ ਅਹਿਮ ਭੂਮਿਕਾ ਹੈ। ਇਸ ਨਾਲ ਸ਼ਹਿਬਾਜ਼ ਸ਼ਰੀਫ ਨੂੰ 16 ਅਰਬ ਰੁਪਏ ਦੇ ਭ੍ਰਿਸ਼ਟਾਚਾਰ ਅਤੇ 8 ਅਰਬ ਰੁਪਏ ਦੇ ਮਨੀ ਲਾਂਡਰਿੰਗ ਦੇ ਮਾਮਲਿਆਂ ਵਿਚ ਪ੍ਰਧਾਨ ਮੰਤਰੀ ਦੇ ਖਿਲਾਫ਼ ਸਥਾਈ ਕਲੀਨ ਚਿੱਟ ਮਿਲ ਗਈ ਹੈ। 

ਦੱਸ ਦਈਏ ਕਿ ਅੱਜ ਪੁਲਿਸ ਗੈਰ-ਜ਼ਮਾਨਤੀ ਵਾਰੰਟ ਲੈ ਕੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਘਰ ਪਹੁੰਚੀ ਸੀ ਪਰ ਖਾਲੀ ਹੱਥ ਪਰਤ ਆਈ। ਜਦੋਂ ਪੁਲਿਸ ਸੁਪਰਡੈਂਟ ਇਮਰਾਨ ਖਾਨ ਦੇ ਘਰ ਪਹੁੰਚੇ ਤਾਂ ਸਾਬਕਾ ਪ੍ਰਧਾਨ ਮੰਤਰੀ ਉੱਥੇ ਨਹੀਂ ਮਿਲੇ। ਪੁਲਿਸ ਤਲਾਸ਼ੀ ਤੋਂ ਬਾਅਦ ਵਾਪਸ ਪਰਤ ਆਈ। ਇਨ੍ਹਾਂ ਦਿਨਾਂ 'ਚ ਇਮਰਾਨ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ।

ਇਸਲਾਮਾਬਾਦ ਦੇ ਆਈਜੀ ਨੇ ਅੱਜ ਹੀ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਸਨ। ਹਾਲਾਂਕਿ ਇਮਰਾਨ ਦੀ ਅੱਜ ਗ੍ਰਿਫ਼ਤਾਰੀ ਦੀ ਸੰਭਾਵਨਾ ਨਹੀਂ ਹੈ। ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਸੰਕੇਤ ਦਿੱਤਾ ਹੈ ਕਿ ਅੱਜ ਗ੍ਰਿਫਤਾਰੀ ਦੀ ਕੋਈ ਸੰਭਾਵਨਾ ਨਹੀਂ ਹੈ। ਅਦਾਲਤ ਨੂੰ ਹੁਣ ਇਸ ਮਾਮਲੇ ਦੀ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਇਆ ਜਾਵੇਗਾ।

ਤੋਸ਼ਾਖਾਨਾ ਮਾਮਲੇ 'ਚ ਇਮਰਾਨ ਖਾਨ 'ਤੇ ਗ੍ਰਿਫ਼ਤਾਰੀ ਦੀ ਇਹ ਤਲਵਾਰ ਲਟਕ ਰਹੀ ਹੈ। ਅਸਲ ਵਿਚ ਤੋਸ਼ਾਖਾਨਾ ਮੰਤਰੀ ਮੰਡਲ ਦਾ ਇੱਕ ਵਿਭਾਗ ਹੈ, ਜਿੱਥੇ ਦੂਜੇ ਦੇਸ਼ਾਂ ਦੀਆਂ ਸਰਕਾਰਾਂ, ਰਾਜਾਂ ਦੇ ਮੁਖੀਆਂ ਅਤੇ ਵਿਦੇਸ਼ੀ ਮਹਿਮਾਨਾਂ ਵੱਲੋਂ ਦਿੱਤੇ ਕੀਮਤੀ ਤੋਹਫ਼ੇ ਰੱਖੇ ਜਾਂਦੇ ਹਨ। ਨਿਯਮਾਂ ਤਹਿਤ ਦੂਜੇ ਦੇਸ਼ਾਂ ਦੇ ਮੁਖੀਆਂ ਜਾਂ ਪਤਵੰਤਿਆਂ ਤੋਂ ਮਿਲੇ ਤੋਹਫ਼ਿਆਂ ਨੂੰ ਤੋਸ਼ਾਖਾਨੇ ਵਿਚ ਰੱਖਣਾ ਜ਼ਰੂਰੀ ਹੁੰਦਾ ਹੈ।

ਇਮਰਾਨ ਖਾਨ ਸਾਲ 2018 ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਸਨ। ਅਰਬ ਦੇਸ਼ਾਂ ਦੇ ਦੌਰਿਆਂ ਦੌਰਾਨ ਉਹਨਾਂ ਨੂੰ ਉੱਥੋਂ ਦੇ ਸ਼ਾਸਕਾਂ ਤੋਂ ਮਹਿੰਗੇ ਤੋਹਫ਼ੇ ਮਿਲੇ ਸਨ। ਉਸ ਨੂੰ ਕਈ ਯੂਰਪੀ ਦੇਸ਼ਾਂ ਦੇ ਰਾਜਾਂ ਦੇ ਮੁਖੀਆਂ ਤੋਂ ਕੀਮਤੀ ਤੋਹਫ਼ੇ ਵੀ ਮਿਲੇ ਸਨ, ਜੋ ਇਮਰਾਨ ਨੇ ਤੋਸ਼ਾਖਾਨੇ ਵਿਚ ਜਮ੍ਹਾਂ ਕਰਵਾ ਦਿੱਤੇ ਸਨ, ਪਰ ਬਾਅਦ ਵਿਚ ਇਮਰਾਨ ਖ਼ਾਨ ਨੇ ਇਨ੍ਹਾਂ ਤੋਹਫ਼ਿਆਂ ਨੂੰ ਤੋਸ਼ਾਖਾਨੇ ਤੋਂ ਸਸਤੇ ਭਾਅ ਵਿਚ ਖਰੀਦ ਕੇ ਭਾਰੀ ਮੁਨਾਫ਼ੇ ਵਿਚ ਵੇਚ ਦਿੱਤਾ। ਉਨ੍ਹਾਂ ਦੀ ਸਰਕਾਰ ਨੇ ਇਸ ਸਾਰੀ ਪ੍ਰਕਿਰਿਆ ਨੂੰ ਕਾਨੂੰਨੀ ਮਨਜ਼ੂਰੀ ਦਿੱਤੀ ਸੀ।