ਕੈਬਨਿਟ ਨੇ ਜੈਨਰਿਕ ਵੈਟਰਨਰੀ ਦਵਾਈਆਂ ਦੀ ਸਪਲਾਈ ਨੂੰ ਦਿਤੀ ਪ੍ਰਵਾਨਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਅਤੇ ਹਰਿਆਣਾ ਸਮੇਤ 9 ਸੂਬਿਆਂ ਨੂੰ ਮੂੰਹ-ਖੁਰ ਰੋਗ ਮੁਕਤ ਐਲਾਨਿਆ ਜਾਵੇਗਾ

Cabinet approves supply of generic veterinary drugs

ਨਵੀਂ ਦਿੱਲੀ : ਕੈਬਨਿਟ ਨੇ ਪਸ਼ੂਧਨ ਸਿਹਤ ਅਤੇ ਰੋਗ ਕੰਟਰੋਲ ਪ੍ਰੋਗਰਾਮ (ਐਲ.ਐਚ.ਡੀ.ਸੀ.ਪੀ.) ’ਚ ਤਬਦੀਲੀਆਂ ਨੂੰ ਪ੍ਰਵਾਨਗੀ ਦੇ ਦਿਤੀ  ਹੈ, ਜੋ ਕਿ ਭਾਰਤ ’ਚ ਪਸ਼ੂਧਨ ਦੀ ਸਿਹਤ ਅਤੇ ਤੰਦਰੁਸਤੀ ’ਚ ਸੁਧਾਰ ਲਿਆਉਣ ਦੇ ਉਦੇਸ਼ ਨਾਲ 3,880 ਕਰੋੜ ਰੁਪਏ ਦੀ ਪਹਿਲ ਹੈ।

ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਨੇ ਕੈਬਨਿਟ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ, ‘‘ਕੈਬਨਿਟ ’ਚ ਪਸ਼ੂਆਂ ਦੀ ਸਿਹਤ ਨਾਲ ਸਬੰਧਤ ਫੈਸਲਾ ਲਿਆ ਗਿਆ ਹੈ... ਇਸ ਯੋਜਨਾ ਦੇ ਪਸ਼ੂ ਔਸ਼ਧੀ ਹਿੱਸੇ ਤਹਿਤ ਉੱਚ ਮਿਆਰੀ ਦਵਾਈਆਂ ਪ੍ਰਦਾਨ ਕੀਤੀਆਂ ਜਾਣਗੀਆਂ।’’ ਇਹ ਨਵਾਂ ਭਾਗ, ਪਸ਼ੂ ਔਸ਼ਧੀ, ਜਨ ਔਸ਼ਧੀ ਯੋਜਨਾ ਦੀ ਤਰ੍ਹਾਂ ਕਿਸਾਨਾਂ ਨੂੰ ਕਿਫਾਇਤੀ ਅਤੇ ਉੱਚ ਗੁਣਵੱਤਾ ਵਾਲੀਆਂ ਜੈਨਰਿਕ ਵੈਟਰਨਰੀ ਦਵਾਈਆਂ ਪ੍ਰਦਾਨ ਕਰੇਗਾ।

ਇਸ ਯੋਜਨਾ ਦੇ ਤਿੰਨ ਮੁੱਖ ਭਾਗ ਹਨ: ਕੌਮੀ  ਪਸ਼ੂ ਰੋਗ ਕੰਟਰੋਲ ਪ੍ਰੋਗਰਾਮ (ਐੱਨ.ਏ.ਡੀ.ਸੀ.ਪੀ.), ਪਸ਼ੂਧਨ ਸਿਹਤ ਅਤੇ ਰੋਗ ਕੰਟਰੋਲ (ਐਲ.ਐਚ. ਅਤੇ ਡੀ.ਸੀ.) ਅਤੇ ਪਸ਼ੂ ਔਸ਼ਧੀ। ਇਹ ਪ੍ਰੋਗਰਾਮ ਟੀਕਾਕਰਨ ਰਾਹੀਂ ਮੂੰਹ-ਖੁਰ ਰੋਗ (ਐਫ.ਐਮ.ਡੀ.) ਵਰਗੀਆਂ ਬਿਮਾਰੀਆਂ ਦੀ ਰੋਕਥਾਮ ’ਤੇ  ਕੇਂਦ੍ਰਤ ਹੈ ਅਤੇ ਪਸ਼ੂਆਂ ਦੀ ਸਿਹਤ ਸੰਭਾਲ ਨੂੰ ਘਰ-ਘਰ ਪਹੁੰਚਾਉਣ ’ਚ ਸਹਾਇਤਾ ਕਰਦਾ ਹੈ। ਪੰਜਾਬ, ਹਰਿਆਣਾ ਅਤੇ ਮਹਾਰਾਸ਼ਟਰ ਸਮੇਤ 9 ਸੂਬਿਆਂ ਨੂੰ ਐਫ.ਐਮ.ਡੀ. ਮੁਕਤ ਜ਼ੋਨ ਐਲਾਨਿਆ ਜਾਵੇਗਾ, ਜਿਸ ਨਾਲ ਦੁੱਧ ਦੀ ਬਰਾਮਦ ਨੂੰ ਮਹੱਤਵਪੂਰਨ ਹੁਲਾਰਾ ਮਿਲੇਗਾ ਅਤੇ ਕਿਸਾਨਾਂ ਦੀ ਆਮਦਨ ’ਚ ਸੁਧਾਰ ਹੋਵੇਗਾ। (ਪੀਟੀਆਈ)