ਕਾਂਗਰਸ ਰਾਜ 'ਚ ਅਕਾਲੀ-ਭਾਜਪਾ ਆਗੂਆਂ ਦੀਆਂ ਚੇਅਰਮੈਨੀਆਂ ਬਰਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ 'ਚ ਕਾਂਗਰਸ ਸਰਕਾਰ ਭਾਵੇਂ ਚਾਰ ਮਹੀਨੇ ਮੁਕੰਮਲ ਕਰ ਚੁੱਕੀ ਹੈ ਪਰ ਅਜੇ ਤਕ ਕਈ ਅਹੁਦਿਆਂ 'ਤੇ ਅਕਾਲੀ-ਭਾਜਪਾ ਆਗੂ ਕਾਇਮ ਹਨ। ਮਿਸਾਲ ਵਜੋਂ ਜ਼ਿਲ੍ਹਾ ਯੋਜਨਾ ਬੋਰਡਾਂ..

Meeting

 

ਮੋਹਾਲੀ, 21 ਜੁਲਾਈ (ਸੁਖਦੀਪ ਸਿੰਘ ਸੋਈਂ): ਪੰਜਾਬ 'ਚ ਕਾਂਗਰਸ ਸਰਕਾਰ ਭਾਵੇਂ ਚਾਰ ਮਹੀਨੇ ਮੁਕੰਮਲ ਕਰ ਚੁੱਕੀ ਹੈ ਪਰ ਅਜੇ ਤਕ ਕਈ ਅਹੁਦਿਆਂ 'ਤੇ ਅਕਾਲੀ-ਭਾਜਪਾ ਆਗੂ ਕਾਇਮ ਹਨ। ਮਿਸਾਲ ਵਜੋਂ ਜ਼ਿਲ੍ਹਾ ਯੋਜਨਾ ਬੋਰਡਾਂ ਦੇ 14 ਚੇਅਰਮੈਨ ਜਿਨ੍ਹਾਂ ਨੂੰ ਅਕਾਲੀ ਭਾਜਪਾ ਸਰਕਾਰ ਸਮੇਂ ਨਿਯੁਕਤ ਕੀਤਾ ਗਿਆ ਸੀ, ਅੱਜ ਵੀ ਅਪਣੇ ਅਹੁਦਿਆਂ 'ਤੇ ਕੰਮ ਕਰ ਰਹੇ ਹਨ।
ਪੰਜਾਬ ਵਿਚ ਕੁਲ 22 ਜ਼ਿਲ੍ਹਾ ਯੋਜਨਾ ਬੋਰਡਾਂ ਦੇ ਚੇਅਰਮੈਨ ਹਨ ਜਿਨ੍ਹਾਂ ਵਿਚੋਂ ਹੁਣ ਤਕ ਸਿਰਫ਼ 6 ਨੇ ਹੀ ਅਸਤੀਫ਼ੇ ਦਿਤੇ ਹਨ। ਇਨ੍ਹਾਂ ਵਿਚ ਫ਼ਤਹਿਗੜ੍ਹ ਸਾਹਿਬ ਤੋਂ ਜੋਗਿੰਦਰ ਪਾਲ ਸਿੰਗਲਾ, ਗੁਰਦਾਸਪੁਰ ਤੋਂ ਨੀਲਮ, ਰੋਪੜ ਤੋਂ ਡਾ. ਪਰਮਿੰਦਰ ਸ਼ਰਮਾ, ਜਲੰਧਰ ਤੋਂ ਗੁਰਚਰਨ ਸਿੰਘ ਚੰਨੀ, ਅੰਮ੍ਰਿਤਸਰ ਤੋਂ ਵੀਰ ਸਿੰਘ ਲੋਪੋਕੇ ਅਤੇ ਮੋਗੇ ਤੋਂ ਤੀਰਥ ਸਿੰਘ ਮਾਹਲਾ ਹਨ।
ਇਸ ਤੋਂ ਇਲਾਵਾ 2 ਚੇਅਰਮੈਨ ਪ੍ਰੇਮ ਕੁਮਾਰ ਅਰੋੜਾ ਮਾਨਸਾ ਤੋਂ ਅਤੇ ਫ਼ਰੀਦਕੋਟ ਤੋਂ ਹਰਜੀਤ ਸਿੰਘ ਭੋਲੋਵਾਲ ਅਪਣੇ ਅਹੁਦੇ ਦੀ ਮਿਆਦ ਪੂਰੀ ਹੋਣ ਉਪਰੰਤ ਫ਼ਾਰਗ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੂੰ ਤਨਖ਼ਾਹ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਹਨ ਜਿਨ੍ਹਾਂ ਵਿਚ ਸਰਕਾਰੀ ਕਾਰ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸਟਾਫ਼ ਵੀ ਮਿਲਦਾ ਹੈ। ਲਗਭਗ ਇਕ ਚੇਅਰਮੈਨ 'ਤੇ ਸਰਕਾਰ ਦਾ ਘਟੋ-ਘੱਟ ਲੱਖ ਤੋਂ ਸਵਾ ਲੱਖ ਤਕ ਦਾ ਖ਼ਰਚਾ ਆਉਂਦਾ ਹੈ।


ਕਾਂਗਰਸ ਸਰਕਾਰ ਪਹਿਲਾਂ  ਹੀ ਗ਼ੰਭੀਰ ਆਰਥਕ ਹਾਲਾਤ ਦਾ


ਸਾਹਮਣਾ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਸਿਆਸੀ ਆਗੂਆਂ ਦਾ ਸਰਕਾਰੀ ਅਹੁਦਿਆਂ 'ਤੇ ਬਣੇ ਰਹਿਣਾ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦਾ ਹੈ। ਦੂਜੇ ਪਾਸੇ ਕਰਮਚਾਰੀ ਇਸ ਦੁਚਿਤੀ 'ਚ ਫਸੇ ਹੋਏ ਹਨ ਕਿ ਕੀ ਇਹ ਵਿਭਾਗ ਕਾਇਮ ਰਹੇਗਾ ਜਾਂ ਇਸ ਨੂੰ ਆਉਣ ਵਾਲੇ ਸਮੇਂ 'ਚ ਬੰਦ ਕਰ ਦਿਤਾ ਜਾਵੇਗਾ। ਥੋੜਾ ਸਮਾਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸੀ ਕਿ ਪੰਜਾਬ ਪਲੈਨਿੰਗ ਬੋਰਡ ਨੂੰ ਭੰਗ ਕਰ ਕੇ ਇਸ ਦੀ ਥਾਂ ਇਕ ਨਵਾਂ ਵਿਭਾਗ ਕਾਇਮ ਕੀਤਾ ਜਾਵੇਗਾ।
      ਜਿਹੜੇ ਅਕਾਲੀ-ਭਾਜਪਾ ਆਗੂ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਅਹੁਦਿਆਂ 'ਤੇ ਤਾਇਨਾਤ ਹਨ, ਉੁਨ੍ਹਾਂ ਵਿਚ ਹੁਸ਼ਿਆਰਪੁਰ ਦੇ ਜਵਾਹਰ ਲਾਲ ਖੁਰਾਨਾ, ਪਠਾਨਕੋਟ ਤੋਂ ਸਤੀਸ਼ ਮਹਾਜਨ, ਫ਼ਿਰੋਜ਼ਪੁਰ ਤੋਂ ਡੀ.ਪੀ. ਚੰਦਨ, ਕਪੂਰਥਲਾ ਤੋਂ ਸਰਬਜੀਤ ਸਿੰਘ ਮੱਕੜ, ਲੁਧਿਆਣਾ ਤੋਂ ਹੀਰਾ ਸਿੰਘ ਗਾਬੜੀਆ, ਫ਼ਾਜ਼ਿਲਕਾ ਤੋਂ ਪ੍ਰੇਮ ਕੁਮਾਰ ਵਲੇਚਾ, ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾ, ਬਰਨਾਲਾ ਤੋਂ ਰੁਪਿੰਦਰ ਸਿੰਘ ਸੰਧੂ, ਪਟਿਆਲਾ ਤੋਂ ਮਹਿੰਦਰ ਸਿੰਘ ਲਾਲਵਾ, ਬਠਿੰਡਾ ਤੋਂ ਜਗਦੀਪ ਸਿੰਘ ਨਕੱਈ, ਤਰਨਤਾਰਨ ਤੋਂ ਰਵਿੰਦਰ ਸਿੰਘ ਬ੍ਰਹਮਪੁਰਾ, ਐਸ.ਏ.ਐਸ. ਨਗਰ ਤੋਂ ਸ੍ਰੀ ਕੇ.ਪੀ. ਸ਼ਰਮਾ, ਮੁਕਤਸਰ ਤੋਂ ਹਰਦੀਪ ਢਿੱਲੋਂ, ਸ਼ਹੀਦ ਭਗਤ ਸਿੰਘ ਨਗਰ ਤੋਂ ਸੁਖਵਿੰਦਰ ਕੁਮਾਰ ਸੁੱਖੀ ਸ਼ਾਮਲ ਹਨ।