ਪੰਜਾਬ ਦੇ ਰਵਾਇਤੀ ਸੰਗੀਤ ਦਾ ਮੇਲਾ ਸ਼ੁਰੂ
ਪੰਜਾਬ ਦੇ ਰਵਾਇਤੀ ਸੰਗੀਤ ਦਾ ਦੋ ਦਿਨਾਂ ਮੇਲਾ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਭਰਵੀਂ ਤਾਦਾਦ ਵਿਚ ਸੰਗੀਤ ਪ੍ਰੇਮੀਆਂ ਨੇ ਸ਼ਾਮਲ ਹੋ ਕੇ, ਪੰਜਾਬੀ ਲੋਕ ਗੀਤਾਂ ਦਾ ਅਨੰਦ...
ਨਵੀਂ ਦਿੱਲੀ, 20 ਜੁਲਾਈ (ਅਮਨਦੀਪ ਸਿੰਘ): ਪੰਜਾਬ ਦੇ ਰਵਾਇਤੀ ਸੰਗੀਤ ਦਾ ਦੋ ਦਿਨਾਂ ਮੇਲਾ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਭਰਵੀਂ ਤਾਦਾਦ ਵਿਚ ਸੰਗੀਤ ਪ੍ਰੇਮੀਆਂ ਨੇ ਸ਼ਾਮਲ ਹੋ ਕੇ, ਪੰਜਾਬੀ ਲੋਕ ਗੀਤਾਂ ਦਾ ਅਨੰਦ ਮਾਣਿਆ। ਪੰਜਾਬੀ ਅਕਾਦਮੀ ਵਲੋਂ ਇਹ ਸੰਗੀਤ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ ਤੇ ਇਸ ਬਾਰੇ ਲੋਕਾਂ ਵਿਚ ਖ਼ਾਸ ਖਿੱਚ ਹੁੰਦੀ ਹੈ। ਇਥੋਂ ਦੇ ਇੰਡੀਆ ਹੈਬੀਟੇਟ ਸੈਂਟਰ, ਲੋਧੀ ਰੋਡ ਵਿਖੇ ਪੰਜਾਬੀ ਅਕਾਦਮੀ ਵਲੋਂ ਕਰਵਾਏ ਜਾ ਰਹੇ ਦੋ ਦਿਨਾਂ ਸੰਗੀਤ ਮੇਲੇ ਦਾ ਉਦਘਾਟਨ ਬੀਤੀ ਸ਼ਾਮ ਦਿੱਲੀ ਦੇ ਕਲਾ, ਸਭਿਆਚਾਰ ਤੇ ਭਾਸ਼ਾ ਮੰਤਰੀ ਰਾਜੇਂਦਰਪਾਲ ਗੌਤਮ ਤੇ ਪੰਜਾਬੀ ਅਕਾਦਮੀ ਦੇ ਵਾਈਸ ਚੇਅਰਮੈਨ ਪੱਤਰਕਾਰ ਜਰਨੈਲ ਸਿੰਘ ਨੇ ਸਾਂਝੇ ਤੌਰ 'ਤੇ ਸ਼ਮ੍ਹਾਂ ਰੌਸ਼ਨ ਕਰ ਕੇ ਕੀਤਾ। ਮੰਤਰੀ ਰਾਜੇਂਦਰਪਾਲ ਗੌਤਮ ਨੇ ਜਿਥੇ ਪੰਜਾਬੀ ਨੂੰ ਮਾਖਿਓਂ ਮਿੱਠੀ ਜ਼ੁਬਾਨ ਦੱਸਦੇ ਹੋਏ ਪੰਜਾਬੀ ਲੋਕ ਗੀਤਾਂ ਤੇ ਲੋਕ ਸੰਗੀਤ ਦੀ ਅਮੀਰੀ ਦੀ ਰਜਵੀਂ ਤਾਰੀਫ਼ ਕੀਤੀ, ਉਥੇ ਅਕਾਦਮੀ ਦੇ ਨਵੇਂ ਬਣੇ ਵਾਈਸ ਚੇਅਰਮੈਨ ਪੱਤਰਕਾਰ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਰਵਾਇਤੀ ਸੰਗੀਤ ਦਾ ਇਹ ਸਮਾਗਮ ਸੰਗੀਤ ਪ੍ਰੇਮੀਆਂ ਦੀ ਰੂਹ ਦੀ ਖ਼ੁਰਾਕ ਹੈ ਅਤੇ ਇਸ ਸਮਾਗਮ ਨੂੰ ਹੋਰ ਵੱਡੇ ਪੱਧਰ ਕਰਵਾਉਣ ਬਾਰੇ ਵਿਉਂਤਬੰਦੀ ਕੀਤੀ ਜਾ ਰਹੀ ਹੈ।
ਉਨ੍ਹਾਂ ਪੰਜਾਬੀ ਅਕਾਦਮੀ ਵਲੋਂ ਪੰਜਾਬੀਅਤ ਦੇ ਪ੍ਰਚਾਰ ਪਸਾਰ ਲਈ ਕੀਤੇ ਜਾ ਰਹੇ ਕਾਰਜਾਂ 'ਤੇ ਵੀ ਚਾਨਣਾ ਪਾਇਆ। ਅਕਾਦਮੀ ਦੇ ਸਕੱਤਰ ਸ.ਗੁਰਭੇਜ ਸਿੰਘ ਗੁਰਾਇਆ ਨੇ ਸਟੇਜ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਹਾਜ਼ਰੀਨ ਨੂੰ 'ਜੀਅ ਆਇਆਂ' ਆਖਿਆ। ਪਹਿਲੇ ਦਿਨ ਬਲਵੰਤ ਸਿੰਘ ਨਾਮਧਾਰੀ ਨੇ 'ਹਮੀ ਕੋ ਛੋੜ ਚਲੇ ਬਨਵਾਸੀ, 'ਮੈਂ ਕਾਹਨੂੰ ਗੱਲਾਂ ਕੀਤੀਆਂ ਬਲੋਚਾਂ ਦੇ ਨਾਲ, ਇਨ੍ਹਾਂ ਸਾਈਂ ਦੇ ਲੋਕਾਂ ਦੇ ਨਾਲ' ਰਾਹੀਂ ਸਰੋਤਿਆਂ ਨੂੰ ਝੂੰਮਣ ਲਾ ਦਿਤਾ। ਹੋਰਨਾਂ ਤੋਂ ਇਲਾਵਾ ਪੰਜਾਬੀ ਅਕਾਦਮੀ ਦੀ ਗਵਰਨਿੰਗ ਕੌਂਸਿਲ ਦੇ ਮੈਂਬਰ ਕੰਚਨ ਭੂਪਲ, ਸ.ਅਮਰਜੀਤ ਸਿੰਘ, ਸ.ਬਲਜੀਤ ਸਿੰਘ, ਡਾ.ਕਮਲਜੀਤ ਸਿੰਘ, ਸ.ਜਸਵੰਤ ਸਿੰਘ ਅਰੋੜਾ ਸਣੇ ਸਾਬਕਾ ਐਮ ਪੀ ਸ.ਐਚ.ਐਸ.ਹੰਸਪਾਲ, ਅਕਾਦਮੀ ਦੀ ਸਾਬਕਾ ਵਾਈਸ ਚੇਅਰਪਰਸਨ ਅਨੀਤਾ ਸਿੰਘ ਆਦਿ ਸ਼ਾਮਲ ਹੋਏ।