ਗੁਰਦਵਾਰਾ ਅਜੈ ਐਨਕਲੇਵ ਦੀਆਂ ਚੋਣਾਂ ਲਈ ਮੈਦਾਨ ਭਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮੀ ਦਿੱਲੀ ਦੇ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ, ਅਜੈ ਐਨਕਲੇਵ, ਨੇੜੇ ਸੁਭਾਸ਼ ਨਗਰ ਮੈਟਰੋ ਸਟੇਸ਼ਨ ਦੀਆਂ ਐਤਵਾਰ 23 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ ਮੈਦਾਨ ਪੂਰੀ..

Manjit Singh

 

ਨਵੀਂ ਦਿੱਲੀ, 21 ਜੁਲਾਈ (ਅਮਨਦੀਪ ਸਿੰਘ): ਪੱਛਮੀ ਦਿੱਲੀ ਦੇ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ, ਅਜੈ ਐਨਕਲੇਵ, ਨੇੜੇ ਸੁਭਾਸ਼ ਨਗਰ ਮੈਟਰੋ ਸਟੇਸ਼ਨ ਦੀਆਂ ਐਤਵਾਰ 23 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ ਮੈਦਾਨ ਪੂਰੀ ਤਰ੍ਹਾਂ ਭੱਖ ਚੁਕਾ ਹੈ। ਮੁਖ ਤੌਰ 'ਤੇ ਦੋ ਧਿਰਾਂ ਚੋਣਾਂ ਲੜ ਰਹੀਆਂ ਹਨ ਤੇ ਕੁਲ 42 ਮੈਂਬਰ ਦੋਹਾਂ ਧੜਿਆਂ ਦੇ ਹਨ।
  ਸ.ਮਨਜੀਤ ਸਿੰਘ ਬਖ਼ਸ਼ੀ ਦੇ ਧੜੇ ਵਾਲੀ ਮੌਜੂਦਾ ਕਮੇਟੀ ਜਿਥੇ ਅਪਣੀ ਦੋ ਸਾਲ ਦੀਆਂ ਪ੍ਰਾਪਤੀਆਂ ਵਿਚ ਬੱਚਿਆਂ ਲਈ ਗੁਰਮਤਿ ਤੇ ਗੁਰਬਾਣੀ ਸੰਗੀਤ ਕਲਾਸਾਂ ਲਾਉਣ ਸਣੇ ਹੋਰ ਪ੍ਰਾਪਤੀਆਂ ਗਿਣਵਾ ਰਹੀ ਹੈ ਤੇ ਇਹ ਦਾਅਵਾ ਕਰ ਰਹੀ ਹੈ ਕਿ ਸਾਲ 1972 ਵਿਚ ਬਣੇ ਹੋਏ ਗੁਰਦਵਾਰਾ ਕਮੇਟੀ ਦੇ ਸੰਵਿਧਾਨ ਦਾ ਜੋ ਖਰੜਾ ਤਿਆਰ ਕੀਤਾ ਹੋਇਆ ਹੈ, ਉਸਨੂੰ 6 ਮਹੀਨਿਆਂ ਦੇ ਅੰਦਰ ਜਨਰਲ ਬਾਡੀ ਵਿਚ ਪੇਸ਼ ਕਰ ਕੇ, ਇਸਨੂੰ ਲਾਗੂ ਕੀਤਾ ਜਾਵੇਗਾ। ਉਥੇ ਸ.ਅਜੀਤ ਪਾਲ ਸਿੰਘ ਬਿੰਦਰਾ ਦੀ ਅਗਵਾਈ ਵਾਲਾ ਵਿਰੋਧੀ ਧੜਾ ਮੌਜੂਦਾ ਕਮੇਟੀ ਨੂੰ ਹਰ ਮੋਰਚੇ 'ਤੇ ਨਾਕਾਮ ਸਾਬਤ ਕਰਨ ਲਈ ਪੂਰਾ ਜ਼ੋਰ ਲਾ ਰਿਹਾ ਹੈ। ਬਿੰਦਰਾ ਧੜੇ ਦਾ ਦੋਸ਼ ਹੈ ਕਿ ਕਮੇਟੀ ਅਪਣੇ ਅਹਿਮ ਵਾਅਦੇ ਪੂਰੇ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਬਿੰਦਰਾ ਧੜਾ ਜਿਥੇ ਸੰਗਤ ਵਿਚ ਗੁਰਦਵਾਰਾ ਪ੍ਰਬੰਧ ਵਿਚ ਨਾ ਹੋਣ ਦੇ ਬਾਵਜੂਦ ਦਿੱਲੀ ਤੇ ਦਿੱਲੀ ਦੇ ਬਾਹਰ ਦੇ ਇਤਿਹਾਸਕ ਗੁਰਦਵਾਰਿਆਂ ਦੀਆਂ ਯਾਤਰਾਵਾਂ ਕਰਵਾਉਣ ਤੇ ਹੋਰ ਕਾਰਜਾਂ ਨੂੰ ਅਪਣੀ ਪ੍ਰਾਪਤੀ ਗਿਣਵਾ ਰਿਹਾ ਹੈ, ਉਥੇ ਇਹ ਵਾਅਦਾ ਕਰ ਰਿਹਾ ਹੈ ਕਿ ਜੇ ਉਸ ਕੋਲ ਪ੍ਰਬੰਧ ਆਉਂਦਾ ਹੈ ਤਾਂ ਬੀਬੀਆਂ ਲਈ ਵੀ ਮੈਂਬਰਸ਼ਿਪ ਖੋਲ੍ਹੀ ਜਾਵੇਗੀ।  ਗੁਰਦਵਾਰਾ ਕਮੇਟੀ ਲਈ ਸਿਰਫ 187 ਵੋਟਰ ਹੀ ਰਜਿਸਟਰਡ ਹਨ। ਮੌਜੂਦਾ ਕਮੇਟੀ ਇਸ ਗੱਲ ਨੂੰ ਵੀ ਪ੍ਰਚਾਰ ਰਹੀ ਹੈ ਕਿ ਵਿਰੋਧੀ ਧੜੇ ਨੇ ਇਕ ਪਤਿਤ ਨੂੰ ਵੀ ਗੁਰਦਵਾਰਾ ਚੋਣ ਵਿਚ ਉਤਾਰਿਆ ਹੈ।
   ਚੇਤੇ ਰਹੇ ਕਿ ਗੁਰਦਵਾਰਾ ਕਮੇਟੀ ਦੀਆਂ ਪਿਛਲੀਆਂ ਆਮ ਚੋਣਾਂ ਅਦਾਲਤੀ ਮੁਕੱਦਮੇਬਾਜ਼ੀ ਵਿਚਕਾਰ ਹਾਈਕੋਰਟ ਦੇ ਜਸਟਿਸ ਮਨਮੋਹਨ ਸਿੰਘ ਦੇ ਹੁਕਮਾਂ 'ਤੇ 9 ਅਗੱਸਤ 2015 ਨੂੰ ਹੋਈਆਂ ਸਨ ਤੇ ਸੰਵਿਧਾਨ ਮੁਤਾਬਕ ਇਕ ਸਾਲ ਬਾਅਦ ਹੋ ਜਾਣੀਆਂ ਚਾਹੀਦੀਆਂ ਸਨ, ਪਰ ਮਸਲਾ ਲਟਕ ਗਿਆ। ਬਿੰਦਰਾ ਧੜਾ ਗੁਰਦਵਾਰੇ ਸਾਊਂਡ ਸਿਸਟਮ ਲਾਉਣ ਨੂੰ ਲੈ ਕੇ ਮੌਜੂਦਾ ਕਮੇਟੀ 'ਤੇ ਪੈਸਿਆਂ ਦੀ ਅਖਉਤੀ ਹੇਰਾ ਫੇਰੀਆਂ ਦੇ ਦੋਸ਼ ਲਾ ਰਿਹਾ ਹੈ ਜਦ ਕਿ ਮੌਜੂਦਾ ਕਮੇਟੀ ਨੇ ਦਲਜੀਤ ਸਿੰਘ ਪੁਰੀ ਦੇ ਦਸਤਖਤਾਂ ਵਾਲੇ ਚੈੱਕ 'ਤੇ ਸੰਗਤ ਕੋਲੋਂ ਉਗਰਾਹੀ ਗਈ ਰਕਮ ਦੇ ਦਾਅਵੇ ਨਾਲ ਕਾਗਜ਼ ਸੰਗਤ ਵਿਚ ਵੰਡ ਕੇ, ਪ੍ਰਬੰਧ ਸਾਫ਼ ਸੁਥਰਾ ਹੋਣ ਦੇ ਦਾਅਵੇ ਕਰ ਰਿਹਾ ਹੈ।