ਕਸ਼ਮੀਰ: ਸੁਰੱਖਿਆ ਬਲਾਂ ਦੀ ਗੋਲੀ ਨਾਲ ਨੌਜਵਾਨ ਹਲਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਵਲੋਂ ਪਥਰਾਅ ਕਰ ਰਹੀ ਭੀੜ 'ਤੇ ਗੋਲੀ ਚਲਾਉਣ ਕਾਰਨ 18 ਸਾਲ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ।

Kashmir

 

ਸ੍ਰੀਨਗਰ, 21 ਜੁਲਾਈ : ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਵਲੋਂ ਪਥਰਾਅ ਕਰ ਰਹੀ ਭੀੜ 'ਤੇ ਗੋਲੀ ਚਲਾਉਣ ਕਾਰਨ 18 ਸਾਲ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ।
ਪੁਲਿਸ ਨੇ ਦਸਿਆ ਕਿ ਇਹ ਘਟਨਾ ਬੀਰਵਾਹ ਇਲਾਕੇ ਵਿਚ ਵਾਪਰੀ ਜਿਥੇ ਭੀੜ ਨੇ ਫ਼ੌਜ ਦੀ 53 ਰਾਸ਼ਟਰੀ ਰਾਈਫ਼ਲਜ਼ ਦੇ ਕਾਫ਼ਲੇ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿਤਾ। ਸੁਰੱਖਿਆ ਬਲਾਂ ਨੇ ਪਥਰਾਅ ਕਰ ਰਹੇ ਲੋਕਾਂ ਨੂੰ ਭਜਾਉਣ ਲਈ ਗੋਲੀ ਚਲਾਈ ਜਿਸ ਦੇ ਨਤੀਜੇ ਵਜੋਂ ਦੋ ਨੌਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਹਸਪਤਾਲ ਵਿਚ ਦਮ ਤੋੜ ਗਿਆ। ਮ੍ਰਿਤਕ ਦੀ ਪਛਾਣ ਤਨਵੀਰ ਅਹਿਮਦ ਵਾਨੀ ਵਜੋਂ ਕੀਤੀ ਗਈ ਹੈ।
ਘਟਨਾ ਪਿੱਛੋਂ ਬੀਰਵਾਹ ਅਤੇ ਨਾਲ ਲਗਦੇ ਇਲਾਕਿਆਂ ਵਿਚ ਹਾਲਾਤ ਤਣਾਅਪੂਰਨ ਬਣ ਗਏ। ਇਸੇ ਦਰਮਿਆਨ ਵੱਖਵਾਦੀਆਂ ਵਲੋਂ ਦਿਤੇ ਬੰਦ ਦੇ ਸੱਦੇ ਅਤੇ ਰੈਲੀ ਕੱਢਣ ਦੇ ਐਲਾਨ ਕਾਰਨ ਪ੍ਰਸ਼ਾਸਨ ਨੇ ਅਮਨ-ਕਾਨੂੰਨ ਕਾਇਮ ਰੱਖਣ ਲਈ ਸ੍ਰੀਨਗਰ ਦੇ ਕੁੱਝ ਹਿਸਿਆਂ ਵਿਚ ਪਾਬੰਦੀਆਂ ਲਾਗੂ ਕਰ ਦਿਤੀਆਂ। ਹੁਰੀਅਤ ਕਾਨਫ਼ਰੰਸ ਦੇ ਦੋਹਾਂ ਧੜਿਆਂ ਤੋਂ ਇਲਾਵਾ ਜੇ.ਕੇ.ਐਲ.ਐਫ਼. ਦੇ ਮੁਖੀ ਯਾਸੀਨ ਮਲਿਕ ਨੇ ਬੰਦ ਦਾ ਸੱਦਾ ਦਿਤਾ ਸੀ ਜਿਸ ਕਾਰਨ ਵਾਦੀ ਵਿਚ ਹੀ ਆਮ ਜੀਵਨ ਪ੍ਰਭਾਵਤ ਹੋਇਆ।
ਅਧਿਕਾਰੀਆਂ ਨੇ ਦਸਿਆ ਕਿ ਜ਼ਿਆਦਾਤਰ ਦੁਕਾਨਾਂ, ਪਟਰੌਲ ਪੰਪ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ ਜਦਕਿ ਸੜਕਾਂ ਤੋਂ ਵਾਹਨ ਵੀ ਨਦਾਰਦ ਸਨ।
ਉਨ੍ਹਾਂ ਕਿਹਾ ਕਿ ਸ੍ਰੀਨਗਰ ਦੇ ਅੱਠ ਥਾਣਿਆਂ ਅਧੀਨ ਆਉਂਦੇ ਇਲਾਕਿਆਂ ਨੌਹਟਾ, ਰੈਨਾਵਾੜੀ, ਸਫ਼ਾਕਦਲ, ਮੈਸੂਮਾ, ਕਰਾਲ ਖ਼ੁਰਦ, ਖ਼ਾਨਯਾਰ ਅਤੇ ਐਮ ਆਰ ਗੰਜ ਇਲਾਕਿਆਂ ਵਿਚ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਲਾ ਦਿਤੀ ਗਈ। ਵੱਖਵਾਦੀਆਂ ਨੇ ਭਾਰਤ ਅਤੇ ਪਾਕਿਸਤਾਨ ਵਿਚ ਸੰਯੁਕਤ ਰਾਸ਼ਟਰ ਦੇ ਫ਼ੌਜੀ ਨਿਗਰਾਨ ਸਮੂਹ ਦੇ ਦਫ਼ਤਰ ਤਕ ਰੈਲੀ ਕੱਢਣ ਦਾ ਐਲਾਨ ਕੀਤਾ ਸੀ।                  (ਪੀਟੀਆਈ)