ਅਧਿਆਪਕਾਂ ਨੂੰ ਬੀ.ਐÎੱਡ. ਕਰਨ ਦਾ ਅੰਤਮ ਮੌਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਵਿਚ ਅੱਜ ਇਕ ਮਹੱਤਵਪੂਰਨ ਬਿਲ 'ਤੇ ਚਰਚਾ ਹੋਈ ਜਿਸ ਵਿਚ ਦੇਸ਼ ਦੇ ਸਰਕਾਰੀ ਅਤੇ ਨਿਜੀ ਸਕੂਲਾਂ ਦੇ ਅੱਠ ਲੱਖ ਅਧਿਆਪਕਾਂ ਨੂੰ ਬੀ.ਐਡ. ਕਰਨ ਦਾ ਅੰਤਮ ਮੌਕਾ ਦਿਤਾ..

Prakash Javadekar

 

ਨਵੀਂ ਦਿੱਲੀ, 21 ਜੁਲਾਈ : ਲੋਕ ਸਭਾ ਵਿਚ ਅੱਜ ਇਕ ਮਹੱਤਵਪੂਰਨ ਬਿਲ 'ਤੇ ਚਰਚਾ ਹੋਈ ਜਿਸ ਵਿਚ ਦੇਸ਼ ਦੇ ਸਰਕਾਰੀ ਅਤੇ ਨਿਜੀ ਸਕੂਲਾਂ ਦੇ ਅੱਠ ਲੱਖ ਅਧਿਆਪਕਾਂ ਨੂੰ ਬੀ.ਐਡ. ਕਰਨ ਦਾ ਅੰਤਮ ਮੌਕਾ ਦਿਤਾ ਗਿਆ ਹੈ।
ਸਰਕਾਰ ਨੇ ਨਾਲ ਹੀ ਕਿਹਾ ਕਿ 31 ਮਾਰਚ 2019 ਤਕ  ਬੀ.ਐਡ. ਦੀ ਡਿਗਰੀ ਤੋਂ ਬਗ਼ੈਰ ਸਕੂਲਾਂ ਵਿਚ ਪੜ੍ਹਾਅ ਰਹੇ ਅਧਿਆਪਕਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਵੇਗਾ। ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਲੋਕ ਸਭਾ ਵਿਚ ਬਿਲ ਨੂੰ ਪੇਸ਼ ਕਰਦਿਆਂ ਕਿਹਾ ਕਿ ਇਸ ਸਮੇਂ ਨਿਜੀ ਸਕੂਲਾਂ ਵਿਚ ਲਗਭਗ ਪੰਜ ਲੱਖ ਅਤੇ ਸਰਕਾਰੀ ਸਕੂਲਾਂ ਵਿਚ ਢਾਈ ਲੱਖ ਅਧਿਆਪਕ ਲਾਜ਼ਮੀ ਯੋਗਤਾ ਦੀ ਸ਼ਰਤ ਪੂਰੀ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਬੀ.ਐਡ. ਕਰਨ ਦਾ ਅੰਤਮ ਮੌਕਾ ਦਿਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਗ਼ੈਰ-ਸਿਖ਼ਲਾਈ ਪ੍ਰਾਪਤ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਉਣਾ ਬਹੁਤ ਨੁਕਸਾਨਦਾਇਕ ਹੈ ਅਤੇ ਅਜਿਹੇ ਵਿਚ 2019 ਤਕ ਸਕੂਲਾਂ ਵਿਚ ਪੜ੍ਹਾਅ ਰਹੇ ਸਾਰੇ ਅਧਿਆਪਕਾਂ ਨੂੰ ਲਾਜ਼ਮੀ ਘਟੋ-ਘੱਟ ਯੋਗਤਾ ਪ੍ਰਾਪਤ ਕਰਨੀ ਹੋਵੇਗੀ, ਵਰਨਾ ਉਨ੍ਹਾਂ ਦੀ ਨੌਕਰੀ ਚਲੀ ਜਾਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਅਜਿਹੇ ਅਧਿਆਪਕਾਂ ਦੀ ਮਦਦ ਲਈ ਸਰਕਾਰ ਨੇ ਕੁੱਝ ਦਿਨ ਪਹਿਲਾਂ ਇਕ ਪੋਰਟਲ ਵੀ ਸ਼ੁਰੂ ਕੀਤਾ ਹੈ ਜਿਸ ਵਿਚ ਪਾਠਕ੍ਰਮ, ਟਿਊਟੋਰੀਅਲ ਅਤੇ ਹੋਰ ਸਮੱਗਰੀ ਸ਼ਾਮਲ ਹੈ।  ਇਥੇ ਦਸਣਾ ਬਣਦਾ ਹੈ ਕਿ ਬੀਤੀ 10 ਅਪ੍ਰੈਲ ਨੂੰ ਲੋਕ ਸਭਾ ਵਿਚ ਮੁਫ਼ਤ  ਅਤੇ ਲਾਜ਼ਮੀ ਸਿਖਿਆ ਦਾ ਅਧਿਕਾਰ (ਸੋਧ) ਬਿਲ, 2017 ਪੇਸ਼ ਕੀਤਾ ਗਿਆ ਸੀ। ਅਧਿਆਪਕਾਂ ਦੀ ਨਿਯੁਕਤੀ ਲਈ ਤੈਅਸ਼ੁਦਾ ਘਟੋ ਘੱਟ ਯੋਗਤਾ ਪ੍ਰਾਪਤ ਕਰਨ ਦੀ ਸਮਾਂ ਹੱਦ ਵਧਾਉਣ ਲਈ ਮੁਫ਼ਤ ਅਤੇ ਲਾਜ਼ਮੀ ਸਿਖਿਆ ਦਾ ਅਧਿਕਾਰ ਐਕਟ 2009 ਵਿਚ ਸੋਧ ਕਰਨ ਲਈ ਇਹ ਤਜਵੀਜ਼ ਪੇਸ਼ ਕੀਤੀ ਗਈ। (ਪੀਟੀਆਈ)