ਮਮਤਾ ਨੇ 'ਭਾਜਪਾ ਭਾਰਤ ਛੱਡੋ' ਅੰਦੋਲਨ ਦਾ ਸੱਦਾ ਦਿਤਾ
ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ 'ਭਾਜਪਾ ਭਾਰਤ ਛੱਡੋ' ਅੰਦੋਲਨ ਦਾ ਸੱਦਾ ਦਿਤਾ ਅਤੇ ਕਿਹਾ ਕਿ....
ਕੋਲਕਾਤਾ, 21 ਜੁਲਾਈ : ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ 'ਭਾਜਪਾ ਭਾਰਤ ਛੱਡੋ' ਅੰਦੋਲਨ ਦਾ ਸੱਦਾ ਦਿਤਾ ਅਤੇ ਕਿਹਾ ਕਿ ਬੰਗਾਲ ਉਨ੍ਹਾਂ ਸਾਰੀਆਂ ਰਾਜਸੀ ਪਾਰਟੀਆਂ ਦਾ ਸਾਥ ਦੇਵੇਗਾ ਜੋ ਭਗਵਾ ਪਾਰਟੀ ਵਿਰੁਧ ਸੰਘਰਸ਼ ਦਾ ਬਿਗਲ ਵਜਾਉਣਗੀਆਂ।
ਹੋਰਨਾਂ ਮੁਲਕਾਂ ਨਾਲ ਸੁਖਾਵੇਂ ਰਿਸ਼ਤੇ ਕਾਇਮ ਰੱਖਣ ਸਮੇਤ ਹਰ ਮੋਰਚੇ 'ਤੇ ਭਾਜਪਾ ਦੇ ਅਸਫ਼ਲ ਰਹਿਣ ਦਾ ਜ਼ਿਕਰ ਕਰਦਿਆਂ ਮਮਤਾ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ 9 ਅਗੱਸਤ ਤੋਂ 'ਭਾਜਪਾ ਭਾਰਤ ਛੱਡੋ' ਅੰਦੋਲਨ ਸ਼ੁਰੂ ਕਰੇਗੀ। ਇਥੇ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,
''ਅਸੀ ਭਾਰਤ ਵਿਚੋਂ ਭਾਜਪਾ ਨੂੰ ਬਾਹਰ ਕਰਾਂਗੇ, ਇਹ ਸਾਡੀ ਚੁਨੌਤੀ ਹੈ।
ਕੇਂਦਰ ਸਰਕਾਰ ਸ਼ਾਰਦਾ ਅਤੇ ਨਾਰਦਾ ਮਾਮਲਿਆਂ ਵਿਚ ਸਾਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀ ਬਿਲਕੁਲ ਘਬਰਾਉਣ ਵਾਲੇ ਨਹੀਂ।''
ਉਨ੍ਹਾਂ ਕਿਹਾ ਕਿ 18 ਵਿਰੋਧੀ ਪਾਰਟੀਆਂ ਇਕ ਮੰਚ 'ਤੇ ਆਈਆਂ ਅਤੇ ਰਾਸ਼ਟਰਪਤੀ ਦੀ ਚੋਣ ਵਿਚ ਮੀਰਾ ਕੁਮਾਰ ਦੀ ਹਮਾਇਤ ਕੀਤੀ। ਇਹ ਭਾਈਵਾਲੀ ਭਵਿੱਖ ਵਿਚ ਵੀ ਜਾਰੀ ਰਹੇਗੀ ਤਾਕਿ ਭਾਜਪਾ ਨੂੰ ਹਰਾਇਆ ਜਾ ਸਕੇ ਜਿਸ ਦੇ ਮਨ ਵਿਚ ਇਹ ਵਹਿਮ ਪੈਦਾ ਹੋ ਗਿਆ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਜਿੱਤ ਮੁਸ਼ਕਲ ਨਹੀਂ ਹੋਵੇਗੀ।
(ਪੀਟੀਆਈ)